ਜਿਹੜਾ ਵਿਅਕਤੀ ਜ਼ੈੱਡ ਸੁਰੱਖਿਆ ਲਈ ਹਾਈ ਕੋਰਟ ਦੇ ਚੱਕਰ ਕੱਟ ਰਿਹੈ, ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਚੁਕੇਗਾ? : ਜਗਰੂਪ ਸਿੰਘ ਸੇਖੋਂ
ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ/ਵੀਰਪਾਲ ਕੌਰ): ਸਿਆਸਤ ਬੰਦੇ ਤੋਂ ਕੀ ਨਹੀਂ ਕਰਵਾ ਦਿੰਦੀ ਤੇ ਬੰਦਾ ਰਾਜ ਦੀ ਨੀਤੀ ਬਣਾਉਣ ਲਈ ਕੀ ਨਹੀਂ ਕਰਦਾ। ਬੀਤੇ ਦਿਨੀਂ ਕਾਂਗਰਸ ਆਗੂ ਨਵਜੋਤ ਸਿੱਧੂ ਵਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਪਾਈ ਗਈ ਜੱਫ਼ੀ ਨੇ ਪੰਜਾਬ ਦੀ ਸਿਆਸਤ ਵਿਚ ਬਵਾਲ ਮਚਾ ਕੇ ਰੱਖ ਦਿਤਾ ਹੈ।
ਨਵਜੋਤ ਸਿੱਧੂ ਦੀ ਇਸ ਜੱਫ਼ੀ ਨੂੰ ਲੈ ਕੇ ਉਨ੍ਹਾਂ ਦੀ ਅਪਣੀ ਪਾਰਟੀ ਦੇ ਆਗੂ ਵੀ ਉਨ੍ਹਾਂ ’ਤੇ ਸਵਾਲ ਚੁੱਕ ਰਹੇ ਹਨ। ਸੱਭ ਤੋਂ ਪਹਿਲਾਂ ਸਵਾਲ ਰਵਨੀਤ ਬਿੱਟੂ ਨੇ ਚੁੱਕੇ ਤੇ ਫਿਰ ਹੋਰ ਆਗੂ ਵੀ ਸਵਾਲ ਕਰਨ ਲੱਗੇ। ਜੱਫ਼ੀ ਤੋਂ ਬਾਅਦ ਸਵਾਲ ਇਹ ਖੜੇ ਹੋਣ ਲੱਗ ਪਏ ਹਨ ਕਿ ਕੀ ਨਵਜੋਤ ਸਿੱਧੂ ਹੁਣ ਅਪਣੀ ਮਾਂ ਪਾਰਟੀ ਵਿਚ ਜਾ ਰਹੇ ਹਨ ਤੇ ਕਾਂਗਰਸ ਦਾ ਸਾਥ ਛੱਡ ਰਹੇ ਹਨ।
ਇਸ ਤੋਂ ਬਾਅਦ ਹੋਰ ਵੀ ਖੜੇ ਹੋ ਰਹੇ ਸਵਾਲਾਂ ਦੇ ਜਵਾਬ ਰੋਜ਼ਾਨਾ ਸਪੋਕਸਮੈਨ ਵਲੋਂ ਜਗਰੂਪ ਸਿੰਘ ਸੇਖੋਂ, ਰਾਜਸੀ ਵਿਸ਼ਲੇਸ਼ਕ ਤੋਂ ਲਏ ਗਏ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ। ਜਗਰੂਪ ਸਿੰਘ ਨੇ ਸੇਖੋਂ ਨੂੰ ਜਦੋਂ ਪੁਛਿਆ ਗਿਆ ਕਿ ਉਨ੍ਹਾਂ ਨੂੰ ਕਿਥੋਂ ਤਕ ਠੀਕ ਜਾਪਦਾ ਹੈ ਕਿ ਨਵਜੋਤ ਸਿੱਧੂ ਕਾਂਗਰਸ ਦਾ ਪੰਜਾਬ ਛੁਡਵਾ ਕੇ ਕਮਲ ਦਾ ਫੁੱਲ ਫੜ ਲੈਣਗੇ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਰਨਾ ਕੀ ਹੈ ਉਹ ਤਾਂ ਨਵਜੋਤ ਸਿੱਧੂ ਆਪ ਜਾਣਦੇ ਹਨ ਪਰ ਜਿਹੋ ਜਿਹੀ ਰਾਜਨੀਤੀ ਉਹ ਕਰ ਰਹੇ ਹਨ ਹੁਣ ਦੇ ਉਹੋ ਜਿਹੀ ਰਾਜਨੀਤੀ ਦਾ ਸਮਾਂ ਨਹੀਂ ਰਿਹਾ।
2004 ਵਿਚ ਜਦੋਂ ਨਵਜੋਤ ਸਿੱਧੂ ਅੰਮ੍ਰਿਤਸਰ ਆਏ ਸੀ ਤਾਂ ਉਸ ਸਮੇਂ ਇਨ੍ਹਾਂ ਦੇ ਖ਼ਿਆਲ ਹੋਰ ਸੀ ਕਿਉਂਕਿ ਉਸ ਸਮੇਂ ਇਕ ਖਿਡਾਰੀ ਸੀ ਤੇ ਲੋਕਾਂ ਦਾ ਨਜ਼ਰੀਆ ਵੀ ਇਨ੍ਹਾਂ ਪ੍ਰਤੀ ਹੋਰ ਸੀ। ਉਸ ਤੋਂ ਬਾਅਦ ਜਦੋਂ ਭਾਜਪਾ ਵਿਚ ਗਏ ਤੇ ਫਿਰ ਭਾਜਪਾ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਤਾਂ ਗੱਲ ਹੋਰ ਬਣ ਗਈ ਤੇ ਫਿਰ ਜਦੋਂ ਇਨ੍ਹਾਂ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਸਾਹਮਣੇ ਆਇਆ ਤਾਂ ਇਨ੍ਹਾਂ ਨੇ ਪੰਜਾਬ ਵਿਚ ਕਾਂਗਰਸ ਦੀ ਪ੍ਰਧਾਨਗੀ ਰਹਿਣ ਵਾਸਤੇ ਕਿੰਨਾ ਖਿਲਾਰਾ ਪਾਇਆ ਤੇ ਇਨ੍ਹਾਂ ਦੀ ਧੜੇਬੰਦੀ ਸੀ ਉਸ ਨੂੰ ਕਿੰਨੇ ਹੇਠਲੇ ਪੱਧਰ ’ਤੇ ਲੈ ਗਏ।
ਇਸ ਸੱਭ ਦਾ ਨਤੀਜਾ ਸਾਨੂੰ 2022 ਵਿਚ ਦੇਖਣ ਨੂੰ ਮਿਲਿਆ ਤੇ ਇਨ੍ਹਾਂ ਦੋਹਾਂ ਨੇ ਚੋਣਾਂ ਵੀ ਲੜੀਆਂ ਸਨ ਤੇ ਹਾਰ ਮਿਲੀ ਸੀ ਤੇ ਨਤੀਜਿਆਂ ਤੋਂ ਬਾਅਦ ਨਵਜੋਤ ਸਿੱਧੂ ’ਤੇ ਜੋ ਰੋਡ ਰੇਂਜ ਦਾ ਕੇਸ ਸੀ ਉਸ ਵਿਚ ਉਨ੍ਹਾਂ ਨੂੰ ਕੁੱਝ ਸਮਾਂ ਜੇਲ ਜਾਣਾ ਪਿਆ ਤੇ ਫਿਰ ਬਾਹਰ ਵੀ ਆਏ ਪਰ ਜੋ ਇਹ ਇਸ ਕਿਸਮ ਦੀ ਰਾਜਨੀਤੀ ਕਰਦੇ ਹਨ ਉਹ ਜ਼ਿਆਦਾ ਸਮਾਂ ਨਹੀਂ ਰਹਿੰਦੀ।
ਸਵਾਲ: ਨਵਜੋਤ ਸਿੱਧੂ ਦਾ ਇਸ ਸਮੇਂ ਰਾਜਨੀਤਕ ਭਵਿੱਖ ਕੀ ਹੈ ਉਹ ਕਿਥੇ ਖੜੇ ਹਨ?
ਜਵਾਬ: ਇਸ ਸਮੇਂ ਰਾਜਨੀਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ, ਡਿਜੀਟਲ ਤੇ ਇਲੈਕਟ੍ਰੋਨਿਕ ਪਿ੍ਰੰਟ ਨੂੰ ਮਿਟਾਇਆ ਨਹੀਂ ਜਾ ਸਕਦਾ, ਕਹੀ ਹੋਈ ਗੱਲ ਤੋਂ ਉਹ ਪਹਿਲਾਂ ਮੁਕਰ ਜਾਂਦੇ ਸਨ ਪਰ ਹੁਣ ਉਹ ਮੁਕਰ ਨਹੀਂ ਸਕਦੇ। ਹੁਣ ਥੋੜ੍ਹੇ ਸਮੇਂ ਦੀ ਜੋ ਉਨ੍ਹਾਂ ਦੀ ਹਾਲਤ ਹੈ ਉਸ ਹਿਸਾਬ ਨਾਲ ਲਗਦਾ ਨਹੀਂ ਕਿ ਉਨ੍ਹਾਂ ਨੂੰ ਪਾਰਟੀ ਵਿਚ ਕੋਈ ਥਾਂ ਮਿਲ ਰਹੀ ਹੈ ਤੇ ਜਾਂ ਫਿਰ ਲੋਕ ਪਸੰਦ ਕਰ ਰਹੇ ਹਨ।
ਜਗਰੂਪ ਸਿੰਘ ਨੇ ਕਿਹਾ ਕਿ ਜੋ ਇਸ ਕਿਸਮ ਦੀ ਰਾਜਨੀਤੀ ਹੁੰਦੀ ਹੈ ਉਸ ਵਿਚ ਮੈਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਅਤੇ ਉਹ ਹਰ ਇਕ ਚੀਜ਼ ਅਪਣੇ ਆਲੇ-ਦੁਆਲੇ ਘੁੰਮਦੇ ਦੇਖਣਾ ਚਾਹੁੰਦੇ ਹਨ ਪਰ ਹੁਣ ਉਹ ਸਮਾਂ ਗਿਆ, ਮੈਂ ਤੋਂ ਹੁਣ ਵੀ ਹੋ ਗਏ ਕਿਉਂਕਿ ਲੋਕ ਵੀ ਹੁਣ ਰਾਜਨੀਤੀ ਸਮਝਣ ਲੱਗ ਗਏ ਹਨ। ਲੋਕ ਵੀ ਸਮਝਦੇ ਹਨ ਕਿ ਕੌਣ ਅਪਣੀ ਪਾਰਟੀ ਦਾ ਹਿਤ ਅੱਗੇ ਰਖਦਾ ਹੈ ਅਪਣਾ ਹੱਕ ਰਖਦਾ ਹੈ ਜਾਂ ਫਿਰ ਕੋਈ ਸਮਾਜਕ ਮੁੱਦਾ ਚੁਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਨਵਜੋਤ ਸਿੱਧੂ ਕੋਲ ਹੁਣ ਕੁੱਝ ਹੈ ਕਿਉਂਕਿ ਮੁੱਦੇ ਚੁਕਣ ਵੇਲੇ ਰੌਲਾ ਜਿੰਨਾ ਮਰਜ਼ੀ ਪਾਈ ਚਲੋ।
ਸਵਾਲ: ਲੋਕ ਸਵਾਲ ਇਹ ਵੀ ਕਰ ਰਹੇ ਹਨ ਕਿ ਜਿਸ ਹਿਸਾਬ ਨਾਲ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਬਾਰੇ ਸ਼ਬਦ ਬੋਲੇ ਹਨ ਤਾਂ ਕੀ ਉਸ ਤੋਂ ਬਾਅਦ ਭਾਜਪਾ ਦੇ ਦਰਵਾਜ਼ੇ ਉਨ੍ਹਾਂ ਲਈ ਖੁਲ੍ਹੇ ਹੋਣਗੇ?
ਜਵਾਬ: ਦੇਖੋ ਰਾਜਨੀਤੀ ਸੱਤਾ ਏਨੀ ਕੁ ਗਿਰ ਗਈ ਹੈ ਕਿ ਕੁੱਝ ਵੀ ਹੋ ਸਕਦਾ ਹੈ। ਰਾਜਨੀਤਕ ਏਜੰਡੇ ਨਾਲ ਦੇਖਿਆ ਜਾਵੇ ਤਾਂ ਵਿਅਕਤੀ ਬਿਨ ਪੇਂਦੇ ਦਾ ਲੋਟਾ ਹੈ, ਜਿਧਰ ਨੂੰ ਥੋੜਾ ਰੁੜ੍ਹਦਾ ਹੈ ਉਹ ਉਧਰ ਹੀ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਪੰਜਾਬ ਦੇ ਜੋ ਰਾਜਨੀਤਕ ਵਣ ਸੀ ਉਹ ਕਿਹੋ ਜਿਹੀਆਂ ਸਹੁੰਆਂ ਖਾਂਦੇ ਸੀ ਤੇ ਲਾਰੇ ਲਗਾਉਂਦੇ ਸੀ ਤੇ ਫਿਰ ਜਦੋਂ ਉਹ ਪਲਟਣ ਲੱਗੇ ਸੀ ਤਾਂ ਉਹ ਬਹੁਤ ਕਮਜ਼ੋਰ ਹੋ ਗਏ ਸੀ ਅੰਦਰੋਂ, ਉਹ ਅੰਦਰੋਂ ਖ਼ਾਲੀ ਹੋ ਗਏ ਨੇ ਕਿਉਂਕਿ ਉਹ ਸਿਰਫ਼ ਸੂਬੇ ਦੀ ਤਾਕਤ ਨਾਲ ਹੀ ਤਾਕਤਵਰ ਸੀ ਤੇ ਜੋ ਇਹੋ ਜਿਹੇ ਲੋਕ ਹੁੰਦੇ ਹਨ ਉਹ ਜਿਧਰ ਮਰਜ਼ੀ ਚਲੇ ਜਾਣ ਉਸ ਨਾਲ ਫਿਰ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੇ ਨਵਜੋਤ ਸਿੱਧੂ ’ਤੇ ਵਿਅੰਗ ਕਸਦਿਆਂ ਕਿਹਾ ਕਿ ਜਿਹੜਾ ਵਿਅਕਤੀ ਅਪਣੀ ਜ਼ੈੱਡ ਸੁਰੱਖਿਆ ਲਈ ਹਾਈ ਕੋਰਟ ਦੇ ਚੱਕਰ ਕੱਟ ਰਿਹਾ ਹੈ ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਚੁਕ ਲਵੇਗਾ।
ਉਨ੍ਹਾਂ ਨੇ ਕਿਹਾ ਕਿ ਹੁਣ ਦਾ ਸਮਾਂ ਅਜਿਹਾ ਹੈ ਕਿ ਰਾਜਨੀਤਕ ਲੋਕਾਂ ਬਾਰੇ ਜਿਨ੍ਹਾਂ ਲੋਕਾਂ ਨੂੰ ਵੱਧ ਪਤਾ ਲਗੇਗਾ ਉਨ੍ਹਾਂ ਚੰਗਾ ਹੋਵੇਗਾ ਕਿਉਂਕਿ ਲੋਕ ਤਾਂ ਹੀ ਸਹੀ ਲੀਡਰ ਚੁਣ ਸਕਣਗੇ ਤੇ ਉਨ੍ਹਾਂ ਦੇ ਮਖੌਟਿਆ ਬਾਰੇ ਪਤਾ ਲਗੇਗਾ। ਉਨ੍ਹਾਂ ਨੇ ਇਸ ਵਰਤਾਰੇ ਨੂੰ ਚੰਗਾ ਦਸਿਆ ਤੇ ਕਿਹਾ ਕਿ ਸਮੇਂ ਦੇ ਨਾਲ-ਨਾਲ ਰਾਜਨੀਤਕ ਚਿਹਰੇ ਦੇ ਪਿੱਛੇ ਜੋ ਕੁੱਝ ਵੀ ਹੈ ਜੇ ਉਹ ਲੋਕਾਂ ਨੂੰ ਸਹੀ ਸਮੇਂ ’ਤੇ ਪਤਾ ਲੱਗ ਜਾਵੇਗਾ ਤਾਂ ਵਧੀਆ ਹੀ ਹੈ।
ਸਵਾਲ: ਇਹ ਜੋ ਤਕੜੇ ਬੁਲਾਰੇ ਹੁੰਦੇ ਨੇ ਫਿਰ ਉਹ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਨ੍ਹਾਂ ਕੋਲ ਬਹਾਨੇ ਬਹੁਤ ਤਕੜੇ ਹੁੰਦੇ ਹਨ। ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਦੇ, ਤੇ ਕੀ ਹੁਣ ਨਵਜੋਤ ਸਿੱਧੂ ਕੋਲ ਇਹ ਬਹਾਨਾ ਹੋਵੇਗਾ ਕਿ ਜੋ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਤੋਂ ਸਮਰਥਨ ਮੰਗਿਆ ਹੈ?
ਜਵਾਬ: ਦੇਖੋ ਇਨ੍ਹਾਂ ਦਾ ਸੋਚਣੀ ਤੇ ਕਰਨੀ ਬਹੁਤ ਅਲੱਗ ਹੈ ਜਦੋਂ ਇਹ ਪਾਵਰ ਵਿਚ ਹੁੰਦੇ ਹਨ ਤਾਂ ਹੋਰ ਗੱਲ ਕਰਦੇ ਹਨ ਤੇ ਪਾਵਰ ਤੋਂ ਬਾਹਰ ਹੋ ਕੇ ਇਨ੍ਹਾਂ ਕੋਲ ਹੋਰ ਗੱਲਾਂ ਹੁੰਦੀਆਂ ਹਨ। 2022 ਦੀਆਂ ਚੋਣਾਂ ਵਿਚ ਜੋ ਵੱਡੇ ਤੋਂ ਸਤੰਭ ਵੀ ਸੀ ਜਿਸ ਨੂੰ ਸੁਣਨ ਲਈ ਤੁਰੇ ਜਾਂਦੇ ਲੋਕ ਵੀ ਰੁਕ ਜਾਂਦੇ ਸਨ ਉਹ ਵੀ ਡਿੱਗ ਪਏ ਤੇ ਲੋਕ ਵੀ ਸਮਝ ਗਏ ਸਨ ਤੇ ਹੁਣ ਇਨ੍ਹਾਂ ਨੂੰ ਸਮਝਣਾ ਚਾਹੀਦਾ ਹੈ।
ਅਖ਼ੀਰ ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਨਵਜੋਤ ਸਿੱਧੂ ਦਾ ਭਵਿੱਖ ਰਾਜਨੀਤੀ ਵਿਚ ਚਮਕਦਾਰ ਹੈ ਜਾਂ ਫਿਰ ਧੁੰਦਲਾ ਤਾਂ ਉਨ੍ਹਾਂ ਕਿਹਾ ਕਿ ਇਹ ਕਹਿਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਿ ਲੋਕ ਕਿਸ ਤਰ੍ਹਾਂ ਹਨ ਪਰ ਜਿਸ ਕਿਸਮ ਦੀ ਰਾਜਨੀਤੀ ਉਨ੍ਹਾਂ ਨੇ ਪਿਛਲੇ ਸਮੇਂ ਵਿਚ ਖੇਡੀ ਹੈ ਜਾਂ ਫਿਰ ਬਿਆਨਬਾਜ਼ੀ ਜਾਂ ਕੰਮ ਕਰ ਰਹੇ ਹਨ, ਉਹ ਲੋਕਾਂ ਦੇ ਮਨਾਂ ਵਿਚ ਘਰ ਨਹੀਂ ਬਣਾ ਪਾ ਰਹੇ।