ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਤੋਂ ਭੜਕੇ ਵਿਰੋਧੀ
ਚੰਡੀਗੜ੍ਹ - ਪੰਜਾਬ 'ਚ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਪੱਤਰਕਾਰ ਬਰਜਿੰਦਰ ਹਮਦਰਦ ਦੇ ਹੱਕ 'ਚ ਇਕੱਠੇ ਹੋਏ ਵਿਰੋਧੀ ਪਾਰਟੀਆਂ ਦੇ ਨੇਤਾਵਾਂ 'ਤੇ ਹੁਣ ਸੀ.ਐੱਮ ਭਗਵੰਤ ਮਾਨ ਨੇ ਤਾਅਨਾ ਮਾਰਿਆ ਹੈ। ਟਵੀਟ ਕਰਕੇ ਸੀਐਮ ਭਗਵੰਤ ਮਾਨ ਨੇ ਬਿਨਾਂ ਨਾਮ ਲਏ ਕਵਿਤਾ ਦੇ ਅੰਦਾਜ਼ 'ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਸੀਐਮ ਮਾਨ ਦੇ ਇਸ ਟਵੀਟ ਤੋਂ ਬਾਅਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਉਸੇ ਤਰ੍ਹਾਂ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਬਾਅਦ ਫਿਰ ਬਿਕਰਮ ਮਜੀਠੀਆ ਦੇ ਟਵੀਟ ਨੂੰ ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਰੀਟਵੀਟ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ 'ਚ ਲਿਖਿਆ ਕਿ
''ਜਦੋਂ ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ
ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ
ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ
ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ
ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ
ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ
ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ
ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ ਕਮਾਉਣ ਵਾਲੇ
ਹੋਵਣ ਸਾਰੇ ਕੱਠੇ
ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ''
ਇਸ ਤੋਂ ਬਾਅਦ ਨਵਜੋਤ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਮੁੱਖ ਮੰਤਰੀ ਦੇ ਟਵੀਟ ਦਾ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੇ ਟਵੀਟ ਦਾ ਜਵਾਬ ਕੁੱਝ ਇਸ ਤਰ੍ਹਾਂ ਦਿੱਤਾ ਹੈ।
''ਜਦੋ ਲੋਕਤੰਤਰ ਨੂੰ ਵਿਜੀਲੈਂਸ ਤੰਤਰ ਬਨਾਉਣ ਵਾਲੇ
ਦਿੱਲੀ ਦੇ ਇਸ਼ਾਰੇ 'ਤੇ ਪੰਜਾਬ ਨੂੰ ਪਿਆਦਾ ਬਣ ਰਿਮੋਟ ਕੰਟਰੋਲ ਨਾਲ ਚਲਵਾਉਣ ਵਾਲੇ
ਪੰਜਾਬ ਦੇ ਮਾਫ਼ੀਆ ਨੂੰ ਕਮਿਸ਼ਨਾਂ ਲੈ ਕੇ ਸੁਰੱਖਿਆ-ਕਵਚ ਪਹਿਨਾਉਣ ਵਾਲੇ
ਮੀਡੀਆ ਨੂੰ ਇਸ਼ਤਿਹਾਰ ਦੇ ਲਾਲਚ 'ਚ ਨਚਾਉਣ ਵਾਲੇ
ਪੰਜਾਬ ਦੇ ਕਰਜ਼ੇ 'ਤੇ ਕਰਜ਼ਾ ਚੜਾਉਣ ਵਾਲੇ, ਸੈਂਟਰ ਸਰਕਾਰ ਨਾਲ ਸੌਦੇ ਕਰ ਪੰਜਾਬ ਨੂੰ ਗਿਰਵੀ ਰਖਵਾਉਣ ਵਾਲੇ, ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਿਕ ਮਨਸੂਬਿਆਂ 'ਚ ਉਲਝਾਉਣ ਵਾਲੇ, ਝੂਠ ਵੇਚ ਕੇ ਫੋਕੇ ਐਲਾਨਾਂ ਦੇ ਪੁਲਿੰਦੇ ਬਣਾਉਣ ਵਾਲੇ, ਪੂਜਣ ਜੋਗ ਮਾਂ ਦੀ ਝੂਠੀ ਸੌਂ ਪਾਣ ਵਾਲੇ, ਬੰਨ੍ਹ ਕੇਸਰੀ ਸ਼ਹੀਦਾਂ ਵਾਲੀ ਪੱਗ ਸਿਰ 'ਤੇ ਵਿਆਹ ਦਾ ਸੇਹਰਾ ਸਜਾਉਣ ਵਾਲੇ, ਆਪਣੇ ਚੇਹਰੇ 'ਤੇ ਲੱਗੀ ਧੂੜ ਨੂੰ ਸ਼ੀਸ਼ੇ ਦੀ ਧੂੜ ਸਮਝ ਕੇ ਮਿਟਾਉਣ ਵਾਲੇ, ਨੈਤਿਕ ਲੈਕਚਰਿੰਗ ਕਰਦੇ ਨੇ, ਫੇਰ ਪੰਜਾਬ ਦੇ ਲੋਕ ਨੇ ਮਿੱਤਰਾ, ਤੇਰੇ 'ਤੇ ਲਾਹਨਤਾਂ ਪਾਉਣ ਵਾਲੇ।''
ਇਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਮੁੱਖ ਮੰਤਰੀ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।
''ਜਦੋਂ ਸ਼ਰਾਬ ਨਾਲ ਰੱਜ ਕੇ ਤਖ਼ਤਾਂ 'ਤੇ ਜਾਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ 'ਤੇ ਸਿਆਸਤ ਨੂੰ ਚਮਕਾਉਣ ਵਾਲੇ, ਦਰਬਾਰ ਸਾਹਿਬ ਦੇ ਹਮਲੇ ਲਈ ਜ਼ਿੰਮੇਵਾਰ ਪਰਿਵਾਰ ਨੂੰ ਜੱਫੀਆਂ ਪਾਉਣ ਵਾਲੇ, ਗੁਰੂ ਘਰਾਂ 'ਤੇ ਧਾਰਾ 144 ਲਵਾਉਣ ਵਾਲੇ, ਟੱਲੀ ਹੋ ਕੇ ਜਹਾਜ਼ 'ਚੋ ਕੱਡੇ ਜਾਣ ਵਾਲੇ, ਮਾਂ ਦੀ ਝੂਠੀ ਸਹੁੰ ਖਾਣ ਵਾਲੇ, ਆਪਣੇ ਬੱਚਿਆਂ ਨੂੰ ਨਾ ਅਪਣਾਉਣ ਵਾਲੇ, ਸਿੱਖ ਨੌਜਵਾਨਾਂ 'ਤੇ NSA ਲਵਾਉਣ ਵਾਲੇ, ਸੁਰੱਖਿਆ ਵਾਪਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲੇ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ, ਗੋਲਡੀ ਬਰਾੜ 'ਤੇ BMW ਦਾ ਝੂਠ ਫੈਲਾਉਣ ਵਾਲੇ, ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ, SYL ਰਾਂਹੀ ਹਰਿਆਣਾ ਨੂੰ ਪਾਣੀ ਦੀਆਂ ਗਰੰਟੀਆਂ ਦੁਆਉਣ ਵਾਲੇ, ਪੰਜਾਬ ਨੂੰ ਦਿੱਲੀ ਦੇ ਰਿਮੋਟ 'ਤੇ ਚਲਾਉਣ ਵਾਲੇ, ਪੰਜਾਬ ਸਿਰ 45000 ਕਰੋੜ ਦਾ ਕਰਜ਼ਾ ਚੜਾਉਣ ਵਾਲੇ, ਜੇਲ੍ਹਾਂ ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ, ਕਟਾਰੂਚੱਕ ਦੀ ਸੋਚ ਨੂੰ ਚਮਕਾਉਣ ਵਾਲੇ, ਬੱਚਿਆਂ ਦੀਆਂ ਝੂਠੀਆਂ ਸਹੁੰਆਂ ਖਾਣ ਵਾਲੇ, ਸ਼ਰਾਬ ਨਾਲ ਰੱਜ ਟਵੀਟ ਕਰ ਕੇ Sunday ਮਨਾਉਣ ਵਾਲੇ।''
ਬਿਕਰਮ ਮਜੀਠੀਆ ਤੋਂ ਬਾਅਦ ਇਸ ਦਾ ਜਵਾਬ ਆਪ ਦੇ ਬੁਲਰੇ ਮਾਲਵਿੰਦਰ ਕੰਗ ਨੇ ਦਿੱਤਾ ਹੈ।
ਉਹਨਾਂ ਨੇ ਲਿਖਿਆ ਕਿ ''SYL ਨੂੰ ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੇ, ਪੰਜ ਪਾਣੀਆਂ ਨੂੰ ਲਾਂਬੂ ਲਾਉਣ ਵਾਲੇ, ਦਰਬਾਰ ਸਾਹਬ ਉੱਤੇ ਹਮਲਾ ਕਰਾਉਣ ਵਾਲੇ, 84 ਵਿਚ ਸਿੱਖਾਂ ਦੀ ਨਸਲਕੁਸ਼ੀ ਕਰਾਉਣ ਵਾਲੇ, ਪੰਜਾਬ ਵਿਚ ਵਾਰ-ਵਾਰ ਰਾਸ਼ਟਰਪਤੀ ਰਾਜ ਲਾਉਣ ਵਾਲੇ, ਰਾਜਾਂ ਨੂੰ ਰਾਜਪਾਲ ਭਵਨਾਂ ਤੋਂ ਚਲਾਉਣ ਵਾਲੇ, ਪੰਜਾਬ ਅੰਦਰ ਜਾਣ ਬੁੱਝ ਕੇ ਡਰ ਦਾ ਮਾਹੌਲ ਬਣਾਉਣ ਵਾਲੇ, ਢਾਬੇ ਅਤੇ ਗੋਲ-ਗੱਪਿਆਂ ਦੀਆਂ ਰੇਹੜੀਆਂ ਵਿਚ ਹਿੱਸਾ ਪਾਉਣ ਵਾਲੇ, ਘਰ-ਘਰ ਚਿੱਟਾ ਪਹੁੰਚਾਉਣ ਵਾਲੇ
ਪੰਜਾਬ ਲੁੱਟ ਕੇ ਮਹਿਲ ਅਤੇ ਕਿਲ੍ਹੇ ਬਨਾਉਣ ਵਾਲੇ, ਧਰਮ ਵਰਤ ਕੇ ਸਿਆਸਤ ਚਮਕਾਉਣ ਵਾਲੇ, ਪਹਿਲਾਂ ਵਿਕ ਕੇ ਅਖ਼ਬਾਰ ਚਲਾਉਣ ਵਾਲੇ, ਕੱਢ ਕੇ ਕਿੱਲੋ-ਕਿੱਲੋ ਦੀਆਂ ਗਾਲ੍ਹਾਂ 'ਤੇ ਠੋਕ ਤਾਲੀਆਂ ਜੱਫੀਆਂ ਪਾਉਣ ਵਾਲੇ, ਜਦੋਂ ਸਾਰੇ ਮਾਸਟਰ ਦੇ ਮੁੰਡੇ ਨੇ ਨੱਪੇ, ਸਾਰੇ ਹੋ ਗਏ ਇਕੱਠੇ, ਇਕੋ ਥੈਲੀ ਦੇ ਚੱਟੇ-ਵੱਟੇ।''