
ਮਾਲਵਾ ਖੇਤਰ ਅੰਦਰ ਜਾਰੀ ਖ਼ੁਦਕੁਸ਼ੀਆਂ ਦੇ ਦੁਖਦਾਈ ਦੌਰ 'ਚ ਅੱਜ ਇਸ ਖੇਤਰ ਦੇ ਦੋ ਹੋਰ ਮੰਦਭਾਗੇ ਕਿਸਾਨਾਂ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ ਹਤਿਆ ਕਰ ...
ਬੁਢਲਾਡਾ, ਮਾਲਵਾ ਖੇਤਰ ਅੰਦਰ ਜਾਰੀ ਖ਼ੁਦਕੁਸ਼ੀਆਂ ਦੇ ਦੁਖਦਾਈ ਦੌਰ 'ਚ ਅੱਜ ਇਸ ਖੇਤਰ ਦੇ ਦੋ ਹੋਰ ਮੰਦਭਾਗੇ ਕਿਸਾਨਾਂ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ ਹਤਿਆ ਕਰ ਲਈ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜੀਤਸਰ ਕੋਠੇ (ਬੱਛੋਆਣਾ) ਦੇ ਕਿਸਾਨ ਬਲਜੀਤ ਸਿੰਘ (55) ਪੁੱਤਰ ਰਘਵੀਰ ਸਿੰਘ ਅਤੇ ਟਾਹਲੀਆ ਦੇ ਨੌਜਵਾਨ ਕਿਸਾਨ ਮਨਪ੍ਰੀਤ ਸਿੰਘ(25) ਪੁੱਤਰ ਜਰਨੈਲ ਸਿੰਘ ਵਲੋਂ ਕਰਜ਼ੇ ਤੋਂ ਮੰਗ ਆ ਕੇ ਆਤਮ ਹਤਿਆ ਕਰ ਲਈ। ਮ੍ਰਿਤਕ ਕਿਸਾਨ ਬਲਜੀਤ ਸਿੰਘ ਬੱਛੂਆਣਾ ਦੇ ਬੇਟੇ ਸੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ 2 ਏਕੜ ਅਪਣੀ ਅਤੇ 37 ਏਕੜ ਜ਼ਮੀਨ ਠੇਕੇ 'ਤੇ ਹੈ ਜਿਸ 'ਤੇ ਉਹ ਖੇਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਸਿਰ ਸਾਢੇ 7 ਲੱਖ ਰੁਪਏ ਆੜ੍ਹਤੀਏ ਦਾ ਕਰਜ਼ਾ ਅਤੇ 16 ਲੱਖ ਰੁਪਏ ਦੀ ਹੋਰ ਦੇਣਦਾਰੀ ਸੀ, ਜਿਸ ਕਰ ਕੇ ਉਹ ਹਮੇਸ਼ਾ ਪ੍ਰੇਸ਼ਾਨ ਰਹਿੰਦੇ ਸਨ। ਜਿਸ ਦੇ ਚਲਦਿਆਂ ਉਸ ਨੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਸਦਰ ਬੁਢਲਾਡਾ ਦੇ ਏ.ਐਸ.ਆਈ. ਭੀਮ ਸੈਨ ਨੇ ਦਸਿਆ
ਕਿ ਮ੍ਰਿਤਕ ਕਿਸਾਨ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਜਿਸ ਦੇ ਸਿਰ 13 ਲੱਖ ਰੁਪਏ ਕਰਜ਼ਾ ਦਸਿਆ ਜਾਂਦਾ ਹੈ, ਨੇ ਅਪਣੇ ਖੇਤਾਂ 'ਚ ਜਾ ਕੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ।