
ਭਾਵੇਂ ਸਰਕਾਰ ਵਲੋਂ ਹਰ ਵਰ੍ਹੇ ਹੜ੍ਹਾਂ ਦੀ ਰੋਕਥਾਮ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਪਰ ਬਰਸਾਤਾਂ ਦੇ ਮੌਸਮ ਵਿਚ ਉਕਤ ਉਪਰਾਲੇ ਕਿਧਰੇ ਵੀ ਨਜ਼ਰੀ ਨਹੀਂ ਆਉਂਦੇ...
ਫ਼ਿਰੋਜ਼ਪੁਰ, ਭਾਵੇਂ ਸਰਕਾਰ ਵਲੋਂ ਹਰ ਵਰ੍ਹੇ ਹੜ੍ਹਾਂ ਦੀ ਰੋਕਥਾਮ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਪਰ ਬਰਸਾਤਾਂ ਦੇ ਮੌਸਮ ਵਿਚ ਉਕਤ ਉਪਰਾਲੇ ਕਿਧਰੇ ਵੀ ਨਜ਼ਰੀ ਨਹੀਂ ਆਉਂਦੇ। ਵੇਖਿਆ ਜਾਵੇ ਤਾਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਲੋਕਾਂ ਸਾਹਮਣੇ ਹੜ੍ਹਾਂ ਦੀ ਪੁਰਾਣੀ ਤਸਵੀਰਾਂ ਰੜਕਦੀ ਨਜ਼ਰ ਆ ਰਹੀਆਂ ਹਨ, ਪਰ ਸਿੰਚਾਈ ਵਿਭਾਗ ਦੇ ਅਧਿਕਾਰੀ ਹੱਥਾਂ 'ਤੇ ਹੱਥ ਧਰੀ ਬੈਠੇ ਹਨ, ਜਿਸ ਦਾ ਖ਼ਮਿਆਜ਼ਾ ਹਰ ਵਾਰ ਦਰਿਆ ਨੇੜਲੇ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ।
ਮੱਖੂ ਦੇ ਨਜ਼ਦੀਕ ਪੈਂਦੇ ਰੁਕਨੇ ਵਾਲਾ ਬੰਨ੍ਹ ਅੰਦਰ ਜ਼ਮੀਨਾਂ 'ਤੇ ਵਾਹੀ ਕਰਨ ਵਾਲੇ ਕਿਸਾਨਾਂ ਨੇ ਦਸਿਆ ਕਿ 4-5 ਸਾਲ ਪਹਿਲੋਂ ਬਰਸਾਤੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੋਚਾਂ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਸ਼ੁਰੂ ਕਰ ਦਿਤੇ ਜਾਂਦੇ ਸਨ। ਪਰ ਪਿਛਲੇ ਦੋ ਸਾਲਾਂ ਤੋਂ ਕਿਸੇ ਵੀ ਸਿੰਚਾਈ ਵਿਭਾਗ ਦੇ ਅਧਿਕਾਰੀ ਨੇ ਇਸ ਵਲ ਮੂੰਹ ਨਹੀਂ ਕੀਤਾ, ਜਿਸ ਕਾਰਨ ਪਿਛਲੇ ਵਰ੍ਹੇ ਵੀ ਕਿਸਾਨਾਂ ਦੀ ਸੈਂਕੜੇ ਏਕੜ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਗਈ ਸੀ ਅਤੇ ਇਸ ਵਾਰ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ।
ਉਨ੍ਹਾਂ ਕਿਹਾ ਕਿ ਹੁਣ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਹੈ ਕੋਈ ਵੀ ਅਧਿਕਾਰੀ ਜਾਂ ਫਿਰ ਨੇਤਾ ਦਰਿਆਈ ਬੰਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਬੰਨ੍ਹ ਦਰਿਆ ਦੇ ਵਿਚ ਹੀ ਰੁੜ੍ਹ ਜਾਂਦੇ ਹਨ ਅਤੇ ਬੰਨ੍ਹਾਂ ਉੱਪਰ ਰੱਖੇ ਪੱਥਰਾਂ ਤੋਂ ਇਲਾਵਾ ਪਾਈ ਗਈ ਮਿੱਟੀ ਵੀ ਨਾਲ ਹੀ ਰੁੜ੍ਹ ਜਾਂਦੀ ਹੈ, ਜਿਸ ਦਾ ਕੋਈ ਵੀ ਫ਼ਾਇਦਾ ਕਿਸਾਨਾਂ ਨੂੰ ਨਹੀਂ ਮਿਲਦਾ।
ਜੇਕਰ ਦੂਜੇ ਪਾਸੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕਰੀਬ ਪਿਛਲੇ 2 ਸਾਲਾਂ ਤੋਂ ਬੰਨ੍ਹਾਂ ਦੀ ਮਜ਼ਬੂਤੀ ਲਈ ਫ਼ੰਡਾਂ ਦੀ ਘਾਟ ਚਲ ਰਹੀ ਹੈ ਅਤੇ ਸਰਕਾਰ ਵਲੋਂ ਬੰਨ੍ਹਾਂ ਦੀ ਮਜ਼ਬੂਤੀ ਲਈ ਪੈਸਾ ਨਹੀਂ ਭੇਜਿਆ ਜਾ ਰਿਹਾ, ਜਿਸ ਕਾਰਨ ਬੰਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਇਕ ਅਧਿਕਾਰੀ ਨੇ ਅਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਜੇਕਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਤੋਂ ਸਹਿਯੋਗ ਦੇ ਨਾਲ ਕਿਸਾਨ ਟਰੈਕਟਰ ਟਰਾਲੀਆਂ ਨਾਲ ਬੰਨ੍ਹਾਂ ਉੱਪਰ ਮਿੱਟੀ ਪਾਉਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਾਸਤੇ ਸਿੰਚਾਈ ਵਿਭਾਗ ਨੂੰ ਪੈਸਾ ਜਾਰੀ ਕਰੇ ਤਾਂ ਜੋ ਕਿਸਾਨਾਂ ਦੀ ਹਰ ਵਾਰ ਹੜ੍ਹਾਂ ਕਾਰਨ ਡੁਬਦੀ ਫ਼ਸਲ ਨੂੰ ਬਚਾਇਆ ਜਾ ਸਕੇ।