Editorial: ਭਾਰਤੀ ਅਮਰੀਕਨਾਂ ਲਈ ਸ਼ੁਭ ਮੰਗਲਵਾਰ
Published : Nov 6, 2025, 7:43 am IST
Updated : Nov 6, 2025, 8:28 am IST
SHARE ARTICLE
Zohran Mamdani America News
Zohran Mamdani America News

ਅਮਰੀਕਾ ਵਿਚ ਇੱਕੋ ਦਿਨ (ਮੰਗਲਵਾਰ ਨੂੰ) ਤਿੰਨ ਭਾਰਤੀ-ਅਮਰੀਕਨਾਂ ਦੀਆਂ ਚੁਣਾਵੀ ਜਿੱਤਾਂ ਸਵਾਗਤਯੋਗ

ਅਮਰੀਕਾ ਵਿਚ ਇੱਕੋ ਦਿਨ (ਮੰਗਲਵਾਰ ਨੂੰ) ਤਿੰਨ ਭਾਰਤੀ-ਅਮਰੀਕਨਾਂ ਦੀਆਂ ਚੁਣਾਵੀ ਜਿੱਤਾਂ ਸਵਾਗਤਯੋਗ ਵਰਤਾਰਾ ਹੈ। ਇਹ ਜਿੱਤਾਂ ਇਸ ਸੋਚ ਦਾ ਪ੍ਰਤੀਕ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ‘ਮੈਗਾ’ (ਅਮਰੀਕਾ ਨੂੰ ਮੁੜ ਮਹਾਨ ਬਣਾਉ) ਮੁਹਿੰਮ ਦੇ ਲਬਾਦੇ ਹੇਠ ਉਭਾਰੇ ਜਾ ਰਹੇ ਗੋਰੇ ਨਸਲਵਾਦ ਦੇ ਬਾਵਜੂਦ ਉਸ ਮੁਲਕ ਵਿਚ ਉਦਾਰਵਾਦੀ ਧੜਕਨ ਅਜੇ ਬਰਕਰਾਰ ਹੈ ਅਤੇ ਪੁਰਾਤਨਪੰਥੀ ਸੰਕੀਰਣਤਾ ਨੂੰ ਇਹ ਬਰਾਬਰ ਦੀ ਟੱਕਰ ਦੇ ਰਹੀ ਹੈ। ਤਿੰਨੋਂ ਜਿੱਤਾਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ। ਜ਼ੋਹਰਾਨ ਮਮਦਾਨੀ ਨੇ ਰਾਸ਼ਟਰਪਤੀ ਟਰੰਪ ਦੀਆਂ ਧਮਕੀਆਂ ਦੇ ਬਾਵਜੂਦ 85 ਲੱਖ ਦੀ ਵਸੋਂ ਵਾਲੇ ਨਿਊ ਯਾਰਕ ਮਹਾਂਨਗਰ ਦੇ ਮੇਅਰ ਦੀ ਚੋਣ ਫ਼ੈਸਲਾਕੁਨ ਢੰਗ ਨਾਲ ਜਿੱਤੀ।

ਗ਼ਜ਼ਾਲਾ ਹਾਸ਼ਮੀ ਨੇ ਵਰਜੀਨੀਆ ਸੂਬੇ ਦੀ ਲੈਫ਼ਟੀਨੈਂਟ ਗਵਰਨਰ (ਉਪ ਰਾਜਪਾਲ) ਦਾ ਅਹੁਦਾ ਇਕ ਗੋਰੇ ਅਮਰੀਕੀ ਰਿਪਬਲਿਕਨ ਜੌਹਨ ਰੀਡ ਤੋਂ 10 ਫ਼ੀ ਸਦੀ ਵੱਧ ਵੋਟਾਂ ਲੈ ਕੇ ਹਾਸਿਲ ਕੀਤਾ ਅਤੇ ਓਹਾਈਓ ਸੂਬੇ ਦੀ ਕਾਰੋਬਾਰੀ ਰਾਜਧਾਨੀ ਸਿਨਸਿਨੈਟੀ (ਅਮਰੀਕੀ ਉਚਾਰਣ ‘ਸਿਨਸਿਨੈੜੀ’) ਦੇ ਮੇਅਰ ਦੀ ਚੋਣ ਵਿਚ ਆਫ਼ਤਾਬ ਪੁਰੇਵਾਲ (ਪੂਰਾ ਨਾਮ : ਆਫ਼ਤਾਬ ਕਰਮ ਸਿੰਘ ਪੁਰੇਵਾਲ) ਮੁੜ ਜੇਤੂ ਰਿਹਾ। ਇਹ ਤਿੰਨੋਂ ਭਾਰਤੀ-ਅਮਰੀਕੀ ਡੈਮੋਕਰੈਟਿਕ ਪਾਰਟੀ ਨਾਲ ਸਬੰਧਤ ਹਨ। ਇਕ ਹੋਰ ਜ਼ਿਕਰਯੋਗ ਪੱਖ ਇਹ ਹੈ ਕਿ ਇਨ੍ਹਾਂ ਵਿਚੋਂ ਦੋ ਮੁਸਲਿਮ ਹਨ ਅਤੇ ਇਕ ਸਿੱਖ।

ਤਿੰਨਾਂ ਵਿਚੋਂ ਜ਼ੋਹਰਾਨ ਮਮਦਾਨੀ ਦੀ ਜਿੱਤ ਵਿਸ਼ੇਸ਼ ਤੌਰ ’ਤੇ ਬਾਕਮਾਲ ਹੈ ਕਿਉਂਕਿ ਉਸ ਨੂੰ ਇਕ ਨਹੀਂ, ਕਈ ਪੱਖਾਂ ਤੋਂ ਤਿੱਖੇ ਤੇ ਘਿਨਾਉਣੇ ਕੁਪ੍ਰਚਾਰ ਦਾ ਸਾਹਮਣਾ ਕਰਨਾ ਪਿਆ। ਵੋਟਾਂ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਨਿਊ ਯਾਰਕ ਦੇ ਵੋਟਰਾਂ ਨੂੰ ਸਿੱਧੀ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ‘ਕਮਿਊਨਿਸਟ’ ਮਮਦਾਨੀ ਨੂੰ ਜਿਤਾਇਆ ਤਾਂ ਨਿਊ ਯਾਰਕ ਮਹਾਂਨਗਰ ਨੂੰ ਕੇਂਦਰੀ ਗਰਾਂਟਾਂ ਬੰਦ ਕਰ ਦਿੱਤੀਆਂ ਜਾਣਗੀਆਂ। 34 ਵਰਿ੍ਹਆਂ ਦੇ ਮਮਦਾਨੀ ਨੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਹਾਸਿਲ ਕਰਨ ਵਾਸਤੇ ਪਿਛਲੇ ਮੇਅਰ ਤੇ ਨਿਊ ਯਾਰਕ ਸੂਬੇ ਦੇ ਸਾਬਕਾ ਗਵਰਨਰ (ਰਾਜਪਾਲ) ਐਂਡਰਿਊ ਕੂਮੋ ਨੂੰ ਹਰਾਇਆ ਸੀ। ਪਰ ਕੂਮੋ ਨੇ ਇਹ ਹਾਰ ਕਬੂਲਣ ਦੀ ਥਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਰਾਹ ਅਖ਼ਤਿਆਰ ਕੀਤਾ।

ਹਾਲਾਂਕਿ ਰਿਪਬਲਿਕਨ ਪਾਰਟੀ ਨੇ ਵੀ ਕਰਟਿਸ ਸਿਲਵਾ ਨੂੰ ਅਪਣੇ ਉਮੀਦਵਾਰ ਵਜੋਂ ਚੋਣ ਲੜਾਈ, ਪਰ ਟਰੰਪ ਨੇ ਖੁਲ੍ਹ ਕੇ ਕੂਮੋ ਦੀ ਹਮਾਇਤ ਕੀਤੀ। ਸਿਲਵਾ ਨੂੰ ਮਹਿਜ਼ 7 ਫ਼ੀ ਸਦੀ ਵੋਟਾਂ ਮਿਲਣੀਆਂ ਇਸ ਤੱਥ ਦੀ ਤਸਦੀਕ ਹਨ ਕਿ ਰਿਪਬਲਿਕਨ ਵੋਟਾਂ ਕਿਸ ਉਮੀਦਵਾਰ ਦੇ ਹੱਕ ਵਿਚ ਭੁਗਤੀਆਂ। ਟਰੰਪ ਦੀ ਸ਼ਹਿ ’ਤੇ ਮਮਦਾਨੀ ਖ਼ਿਲਾਫ਼ ਕੁਝ ਪੁਰਾਣੇ ਕੇਸ ਵੀ ਖੋਲ੍ਹੇ ਗਏ ਅਤੇ ਉਸ ਦੀ ਅਮਰੀਕੀ ਨਾਗਰਿਕਤਾ ਵਾਪਸ ਲਏ ਜਾਣ ਦੀਆਂ ਧਮਕੀਆਂ ਵੀ ਜਾਰੀ ਕੀਤੀਆਂ ਗਈਆਂ। ਉਸ ਦੀ ਸੀਰੀਅਨ-ਅਮਰੀਕਨ ਪਤਨੀ ਰਮਾ ਦੁਵਾਜੀ ਖ਼ਿਲਾਫ਼ ਤੋਹਮਤਬਾਜ਼ੀ ਦੀ ਮੁਹਿੰਮ ਵੱਖਰੇ ਤੌਰ ’ਤੇ ਚਲਾਈ ਪਰ ਅਜਿਹੇ ਹੱਥਕੰਡਿਆਂ ਦਾ ਅਸਰ ਉਲਟਾ ਹੋਇਆ। ਵੋਟਰ ਵੱਧ ਹੁੰਮਹੁਮਾ ਕੇ ਵੋਟਾਂ ਪਾਉਣ ਆਏ।

1969 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ 20 ਲੱਖ ਤੋਂ ਵੱਧ ਵੋਟਰਾਂ ਨੇ ਵੋਟਾਂ ਪਾਈਆਂ। ਯੂਗਾਂਡਾ ਵਿਚ ਜਨਮਿਆ ਜ਼ੋਹਰਾਨ ਮਮਦਾਨੀ ਭਾਰਤੀ ਮੂਲ ਦੇ ਮਾਪਿਆਂ-ਮੀਰਾ ਨਾਇਰ ਤੇ ਪ੍ਰੋ. ਮਹਿਮੂਦ ਮਮਦਾਨੀ ਦਾ ਬੇਟਾ ਹੈ। ਮੀਰਾ ਨਾਇਰ ਉੱਘੀ ਫ਼ਿਲਮਸਾਜ਼ ਹੈ ਅਤੇ ਪ੍ਰੋ. ਮਮਦਾਨੀ ਇਤਿਹਾਸ ਦੇ ਵਿਦਵਾਨ। ਉੜੀਸਾ ਵਿਚ ਜਨਮੀ, ਪਰ ਦਿੱਲੀ ਵਿਚ ਪਲੀ ਮੀਰਾ ਦੀ ਅਸਲ ਗੋਤ ‘ਨਈਅਰ’ (ਪੰਜਾਬੀ ਖ਼ਤਰੀ) ਹੈ, ਪਰ ਅਪਣੇ ਆਈ.ਏ.ਐਸ. ਪਿਤਾ ਵਲੋਂ ਇਸ ਗੋਤ ਦੇ ਹਿੱਜੇ ਬਦਲਣ ਕਰ ਕੇ ਉਹ ‘ਨਾਇਰ’ (ਕੇਰਲਾਵਾਸੀ) ਸਮਝੀ ਜਾਣ ਲੱਗੀ। ਉਸ ਦੇ ਪਤੀ ਮਹਿਮੂਦ ਮਮਦਾਨੀ ਮੁੰਬਈ ਦੇ ਜੰਮ-ਪਲ ਹਨ। ਜ਼ੋਹਰਾਨ ਨੂੰ ਅਪਣੇ ਪਿਤਾ ਤੋਂ ਸਮਾਜਵਾਦੀ ਸੋਚ ਵਿਰਸੇ ਵਿਚ ਮਿਲੀ। ਇਸੇ ਸੋਚ ਤੋਂ ਉੱਭਰੇ ‘‘ਨਿਊ ਯਾਰਕ ਨੂੰ ਸਸਤਾ ਤੇ ਸੁਰੱਖਿਅਤ ਮਹਾਂਨਗਰ’’ ਬਣਾਉਣ ਦੇ ਪ੍ਰਚਾਰ ਨੇ ਜ਼ੋਹਰਾਨ ਨੂੰ ਵੋਟਰਾਂ ਦਾ ਪਸੰਦੀਦਾ ਉਮੀਦਵਾਰ ਬਣਾਇਆ। ਮੇਅਰ ਵਾਲੀ ਜਿੱਤ ਤੋਂ ਬਾਅਦ ਡੈਮੋਕਰੈਟਿਕ ਪਾਰਟੀ ਵਿਚ ਉਸਦਾ ਸਿਤਾਰਾ ਹੋਰ ਬੁਲੰਦ ਹੋਣ ਅਤੇ ਨੇੜ-ਭਵਿੱਖ ਵਿਚ ਉਸ ਨੂੰ ਨਿਊ ਯਾਰਕ ਸੂਬੇ ਦੇ ਗਵਰਨਰ ਦੀ ਚੋਣ ਲੜਾਏ ਜਾਣ ਦੀ ਸੰਭਾਵਨਾਵਾਂ ਪਹਿਲਾਂ ਹੀ ਸਿਆਸੀ ਚਰਚਾਵਾਂ ਦਾ ਵਿਸ਼ਾ ਬਣ ਚੁੱਕੀਆਂ ਹਨ। 

ਜ਼ੋਹਰਾਨ ਵਾਂਗ ਗ਼ਜ਼ਾਲਾ ਹਾਸ਼ਮੀ (61) ਅਤੇ ਆਫ਼ਤਾਬ ਪੁਰੇਵਾਲ (43) ਨੂੰ ਵੀ ਡੈਮੋਕਰੈਟਿਕ ਪਾਰਟੀ ਦੇ ਭਵਿੱਖ ਦੇ ਸਿਤਾਰਿਆਂ ਵਿਚ ਸ਼ੁਮਾਰ ਕੀਤਾ ਜਾ ਰਿਹਾ ਹੈ। ਆਫ਼ਤਾਬ ਦੀ ਜਿੱਤ ਦੀ ਖ਼ਾਸੀਅਤ ਇਹ ਰਹੀ ਕਿ ਉਸ ਨੇ ਰਿਪਬਲਿਕਨ ਕੋਰੀ ਬੋਵਮੈਨ ਨੂੰ ਵੱਡੇ ਅੰਤਰ ਨਾਲ ਹਰਾਇਆ। ਬੋਵਮੈਨ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਅਰਧ (ਮਤ੍ਰੇਆ) ਭਰਾ ਹੈ। ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਦੀਆਂ ਅਜਿਹੀਆਂ ਜਿੱਤਾਂ ਤੋਂ ਰਿਪਬਲਿਕਨ ਪਾਰਟੀ ਦੇ ਕਰਤਿਆਂ-ਧਰਤਿਆਂ ਨੂੰ ਚਿੰਤਾ ਹੋਣੀ ਸੁਭਾਵਿਕ ਹੈ।

ਪਾਰਟੀ ਦੇ ਨੀਤੀਘਾੜਿਆਂ ਵਿਚ ਇਹ ਸੋਚ ਆਮ ਹੀ ਸੀ ਕਿ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਰਿਪਬਲਿਕਨ ਵੋਟਰਾਂ, ਖ਼ਾਸ ਕਰ ਕੇ ਗ਼ੈਰ-ਉਦਾਰਵਾਦੀ ਵੋਟਰਾਂ ਨੂੰ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਨਗੀਆਂ, ਪਰ ਚੋਣ ਨਤੀਜੇ ਅਜਿਹੇ ਰੁਝਾਨ ਦੀ ਅਣਹੋਂਦ ਵੱਲ ਸੈਨਤ ਕਰਦੇ ਹਨ। ਟਰੰਪ ਨੇ ਅਪਣੇ ਆਰਥਿਕ ਕਦਮਾਂ ਰਾਹੀਂ ਬਾਕੀ ਦੁਨੀਆਂ ਤੋਂ ਇਲਾਵਾ ਅਮਰੀਕਾ ਦੇ ਅੰਦਰ ਵੀ ਆਰਥਿਕ ਅਰਾਜਕਤਾ ਪੈਦਾ ਕੀਤੀ ਹੋਈ ਹੈ। ਉਸ ਦੇ ਕਾਰਜਕਾਲ ਦੇ ਭਾਵੇਂ ਤਿੰਨ ਵਰ੍ਹੇ ਅਜੇ ਬਾਕੀ ਹਨ, ਫਿਰ ਵੀ ਵੋਟਰਾਂ ਨੇ ਇਹ ਸੁਨੇਹਾ ਦੇ ਦਿਤਾ ਹੈ ਕਿ ਪਹਿਲੇ ਵਰ੍ਹੇ ਦੌਰਾਨ ਜੋ ਕੁਝ ਵਾਪਰਿਆ ਹੈ, ਉਹ ਨਾਖ਼ੁਸ਼ਗਵਾਰ ਹੈ। ਲਿਹਾਜ਼ਾ, ਅਪਣੀ ਆਰਥਿਕ ਸ਼ਕਤੀ ਦੇ ਬਾਵਜੂਦ ਅਮਰੀਕਾ ਦਾ ਭਲਾ ਵੀ ‘ਸਭ ਕਾ ਸਾਥ, ਸਭ ਕਾ ਵਿਕਾਸ’ ਵਰਗੀ ਪਹੁੰਚ ਵਿਚ ਹੈ, ਹੋਰ ਕਿਸੇ ਨਾਅਰੇ ਵਿਚ ਨਹੀਂ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement