
ਮੋਦੀ ਸਰਕਾਰ ਵਲੋਂ ਦੇਸ਼ ਦੇ ਵਿਕਾਸ ਵਿਚ ਸਿਰੇ ਦੀ ਤੇਜੀ ਲਿਆ ਦਿੱਤੇ ਜਾਣ ਦੇ ਦਾਅਵੇ ਉਦੋਂ ਖੋਖਲੇ ਦਿਖਾਈ ਦਿੱਤੇ ਜਦੋਂ ਕੇਂਦਰੀ ਸਰਕਾਰ ਦੀ ਨੈਸ਼ਨਲ ਹਾਈਵੇ ਅਥਾਰਟੀ...
ਜਲੰਧਰ, ਮੋਦੀ ਸਰਕਾਰ ਵਲੋਂ ਦੇਸ਼ ਦੇ ਵਿਕਾਸ ਵਿਚ ਸਿਰੇ ਦੀ ਤੇਜੀ ਲਿਆ ਦਿੱਤੇ ਜਾਣ ਦੇ ਦਾਅਵੇ ਉਦੋਂ ਖੋਖਲੇ ਦਿਖਾਈ ਦਿੱਤੇ ਜਦੋਂ ਕੇਂਦਰੀ ਸਰਕਾਰ ਦੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਨਿਗਰਾਨੀ ਹੇਠ ਰਾਸ਼ਟਰੀ ਰਾਜਮਾਰਗ ਨੰਬਰ 1 ਥੋੜ੍ਹੀ ਜਿਹੀ ਬਾਰਸ਼ ਤੋਂ ਬਾਅਦ ਹੀ ਕਈ ਥਾਵਾਂ 'ਤੇ ਜਲਥਲ ਨਜ਼ਰ ਆਉਣ ਲੱਗ ਪਿਆ ਹੈ।
'ਸਪੋਕਸਮੈਨ' ਦੀ ਟੀਮ ਵਲੋਂ ਜਲੰਧਰ ਤੋਂ ਫਗਵਾੜਾ ਵੱਲ ਦੇ ਹਾਈਵੇ ਉੱਪਰ ਮੁਆਇਨਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਉੱਤਰੀ ਭਾਰਤ ਦੇ ਸੂਬਿਆਂ ਨੂੰ ਦੇਸ਼ ਦੀ ਰਾਜਧਾਨੀ ਨਾਲ ਜੋੜਦੇ ਐਨਐਚ-1 ਉੱਪਰ ਥਾਂ ਥਾਂ ਪਾਣੀ ਭਰਿਆ ਹੋਇਆ ਸੀ। ਕੁਝ ਥਾਵਾਂ ਉੱਪਰ ਤਾਂ ਦਿਹਾਤੀ ਖੇਤਰ ਦੀਆਂ ਸੜਕਾਂ ਵਾਂਗ ਟੋਏ ਪੈ ਚੁੱਕੇ ਸਨ।
ਜਲੰਧਰ ਤੋਂ ਫਗਵਾੜਾ ਵੱਲ੍ਹ ਜਾਂਦਿਆਂ ਕਈ ਥਾਵਾਂ 'ਤੇ ਹਾਈਵੇ ਦੇ ਕਿਨਾਰੇ ਪਾਣੀ ਦੇ ਛੱਪੜ ਬਣੇ ਦਿਖਾਈ ਦਿੰਦੇ ਹਨ।
ਸ਼ਾਇਦ ਹੀ ਕੋਈ ਸਰਵਿਸ ਰੋਡ ਉੱਪਰ ਚੜ੍ਹਨ ਦਾ ਲਾਂਘਾ ਹੋਵੇ ਜਿੱਥੇ ਪਾਣੀ ਦੀ ਝੀਲ ਬਣੀ ਦਿਖਾਈ ਨਾ ਦੇ ਰਹੀ ਹੋਵੇ। ਸ਼ਹਿਰ ਦੇ ਬਾਹਰਵਾਰ ਮਸ਼ਹੂਰ ਮਲਟੀਪਲੈਕਸ ਅਤੇ ਸ਼ਾਪਿੰਗ ਸੈਂਟਰ ਵੀਵਾ ਕਲਾਜ਼ ਮਾਲ ਨੇੜੇ ਹਾਈਵੇ ਉੱਪਰ ਖੜ੍ਹਾ ਪਾਣੀ ਵੀ ਇਸ ਮਾਰਗ ਦੀ ਖੂਬਸੂਰਤੀ ਨੂੰ ਢਾਹ ਲਗਾ ਰਿਹਾ ਸੀ।
ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਤਾਂ ਹਵੇਲੀ ਅਤੇ ਹੋਰ ਮਸ਼ਹੂਰ ਢਾਬਿਆਂ ਵੱਲ੍ਹ ਨੂੰ ਮੋੜ ਕੱਟਣ ਲੱਗੇ ਆਉਂਦੀ ਹੈ
ਜਿੱਥੇ ਸਰਵਿਸ ਲੇਨ ਤੋਂ ਇਲਾਵਾ 6 ਮਾਰਗੀ ਹਾਈਵੇ ਦੇ ਇਕ ਪਾਸੇ ਦੀਆਂ 3 ਵਿਚੋਂ 2 ਲੇਨ ਵੀ ਪਾਣੀ ਨਾਲ ਭਰੀਆਂ ਹੋਈਆਂ ਹਨ। ਭਾਰੀ ਮਾਤਰਾ ਵਿਚ ਖੜ੍ਹੇ ਪਾਣੀ ਕਾਰਨ ਦੇਸ਼ ਦਾ ਇਹ ਪ੍ਰਮੁੱਖ ਰਾਸ਼ਟਰੀ ਮਾਰਗ ਥਾਂ ਥਾਂ ਤੋਂ ਟੁੱਟ ਰਿਹਾ ਹੈ ਅਤੇ ਕਈ ਥਾਵਾਂ 'ਤੇ ਡੂੰਘੇ ਟੋਏ ਵੀ ਪੈ ਚੁੱਕੇ ਹਨ।ਏਨਾ ਹੀ ਨਹੀਂ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਹਾਈਵੇ ਅਥਾਰਟੀ ਵਲੋਂ ਠੋਸ ਪ੍ਰਬੰਧ ਨਾ ਕਰਵਾਏ ਜਾਣ ਕਾਰਨ ਰੋਜ਼ਾਨਾ ਇੱਥੋਂ ਲੰਘਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਅਤੇ ਵਾਹਨ ਚਾਲਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਮਾਮਲੇ 'ਤੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਬੰਧਤ ਠੇਕੇਦਾਰ ਕੰਪਨੀ ਨੂੰ ਸੜਕਾਂ ਦੀ ਸਹੀ ਮੁਰੰਮਤ ਅਤੇ ਦੇਖਭਾਲ ਯਕੀਨੀ ਬਣਾਉਣ ਲਈ ਤੁਰੰਤ ਹੀ ਬਣਦੀ ਕਾਰਵਾਈ ਕਰੇ।