
ਬਾਦਲ ਜੋੜੇ ’ਤੇ ਤਿੱਖਾ ਹਮਲਾ ਕਰਦਿਆਂ CM ਨੇ ਕਿਹਾ ਕਿ ਇਨ੍ਹਾਂ ਵਲੋਂ ਧੋਖੇਬਾਜ਼ੀ ਤੇ ਝੂਠ ਦੀ ਸਾਂਝੀ ਮੁਹਿੰਮ ਚਲਾਉਣ ਦੇ ਢੰਗ ਨੇ ਦੋਵਾਂ ਦੇ ਦੋਹਰੇ ਮਿਆਰ ਦਾ ਪਰਦਾਫਾਸ਼ ਕਰ ਦਿਤਾ ਹੈ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਕੋਵਿਡ ਦੇ ਸੰਕਟ ਦਰਮਿਆਨ ਅਪਣੇ ਸੌੜੇ ਸਿਆਸੀ ਮੁਫ਼ਾਦ ਅੱਗੇ ਵਧਾਉਣ ਲਈ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ’ਤੇ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।
Capt Amrinder Singh
ਬਾਦਲ ਜੋੜੇ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਲੋਂ ਧੋਖੇਬਾਜ਼ੀ ਅਤੇ ਝੂਠ ਦੀ ਸਾਂਝੀ ਮੁਹਿੰਮ ਚਲਾਉਣ ਦੇ ਢੰਗ ਨੇ ਦੋਵਾਂ ਦੇ ਦੋਹਰੇ ਮਿਆਰ ਦਾ ਪਰਦਾਫਾਸ਼ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਲੀਡਰਾਂ ਦੇ ਮੱਗਰਮੱਛ ਦੇ ਹੰਝੂ ਕੇਰਨ ਦੇ ਢਕਵੰਜ ਅਤੇ ਸਿਆਸੀ ਖੇਖਣਬਾਜ਼ੀਆਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਕਿ ਕਿਵੇਂ ਅਕਾਲੀਆਂ ਨੇ ਸੱਤਾ ਵਿੱਚ ਹੁੰਦਿਆਂ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕਰਨ ਦੀ ਬਜਾਏ ਇਕ ਦਹਾਕਾ ਬੇਰਹਿਮੀ ਨਾਲ ਪੰਜਾਬ ਨੂੰ ਲੁੱਟਿਆ।
Sukhbir Singh Badal
ਪੰਜਾਬ ਵਿਚ ਕਾਂਗਰਸੀਆਂ ਉਪਰ ਰਾਸ਼ਨ ਵਿਚ ਗਬਨ ਦੇ ਲਾਏ ਦੋਸ਼ਾਂ ’ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਵਿਧਾਇਕਾਂ ਵਲੋਂ ਉਨ੍ਹਾਂ ਦੀ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਦਿਤਾ ਜਾ ਰਿਹਾ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੁੰਦਾ ਹੈ ਅਤੇ ਉਹ ਭਲੀਭਾਂਤ ਜਾਣਦਾ ਹੈ ਕਿ ਫੌਰੀ ਤੌਰ ’ਤੇ ਮਦਦ ਸੱਭ ਤੋਂ ਪਹਿਲਾਂ ਲੋੜ ਕਿਸ ਨੂੰ ਦੇਣੀ ਹੈ ਅਤੇ ਇਹੀ ਯਕੀਨੀ ਬਣਾਉਣ ਲਈ ਉਹ ਕੰਮ ਕਰ ਰਹੇ ਹਨ।
Sukhbir Singh Badal and Harsimrat Kaur Badal
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੰਕਟ ਦੀ ਇਸ ਘੜੀ ਵਿਚ ਕੀਤੇ ਜਾ ਰਹੇ ਸੰਜੀਦਾ ਯਤਨਾਂ ਦੇ ਹਿੱਸੇ ਵਜੋਂ ਮੁਲਕ ਦੇ ਹਰੇਕ ਖੇਤਰ ਵਿੱਚ ਕਾਂਗਰਸੀ ਵਰਕਰਾਂ ਵਲੋਂ ਲੋਕਾਂ ਦੀ ਇਮਦਾਦ ਕੀਤੀ ਜਾ ਰਹੀ ਹੈ ਅਤੇ ਅਕਾਲੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਕਦੇ ਵੀ ਅਪਣੇ ਸਿਆਸੀ ਮੁਫ਼ਾਦਾਂ ਦੀ ਪੂਰਤੀ ਕਰਨ ਤੋਂ ਬਿਨਾਂ ਅੱਗੇ ਦੇਖਿਆ ਹੀ ਨਹੀਂ।
Capt. Amrinder Singh
ਸੂਬਾ ਸਰਕਾਰ ਵਲੋਂ ਪ੍ਰਾਪਤ ਕੀਤੇ ਅਨਾਜ ਨੂੰ ਲੋਕਾਂ ਵਿਚ ਨਾ ਵੰਡਣ ਬਾਰੇ ਲਾਏ ਦੋਸ਼ਾਂ ਲਈ ਸੁਖਬੀਰ ਬਾਦਲ ਦਾ ਮੌਜੂ ਉਡਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਤਾਂ ਪੇਸ਼ ਕੀਤੇ ਤੱਥ ਵੀ ਪੂਰੀ ਤਰ੍ਹਾਂ ਗ਼ਲਤ ਹਨ ਜੋ ਇਹ ਦਰਸਾਉਂਦੇ ਹਨ ਉਹ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ।
Punjab Govt
ਤੱਥ ਇਹ ਹਨ ਕਿ ਪੰਜਾਬ ਸਰਕਾਰ ਵਲੋਂ ਜੂਨ ਤਕ ਪ੍ਰਾਪਤ ਕੀਤੇ ਅਨਾਜ ਪਦਾਰਥਾਂ ਦੀ ਮਿਕਦਾਰ ਸੁਖਬੀਰ ਵਲੋਂ ਦਿਤੇ ਅੰਕੜਿਆਂ ਨਾਲੋਂ ਵੱਧ ਸੀ ਅਤੇ ਇਨ੍ਹਾਂ ਵਿਚੋਂ 90 ਫ਼ੀ ਸਦੀ ਤੋਂ ਵਧੇਰੇ ਹਿੱਸਾ ਵੰਡਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਨੂੰ 212164 ਮੀਟਰਿਕ ਟਨ ਕਣਕ ਅਲਾਟ ਕੀਤੀ ਗਈ ਜਿਸ ਵਿਚੋਂ 199091 ਮੀਟਿਰਿਕ ਟਨ ਕਣਕ ਵੰਡੀ ਜਾ ਚੁੱਕੀ ਹੈ ਜਦਕਿ 10800 ਮੀਟਰਿਕ ਟਨ ਅਲਾਟ ਦਾਲ ਵਿਚੋਂ 10305 ਮੀਟਰਿਕ ਟਨ ਦੀ ਵੰਡ ਹੋ ਚੁੱਕੀ ਹੈ।
ਇਸ ਦੇ ਨਾਲ ਹੀ, ਕੇਂਦਰ ਸਰਕਾਰ ਦੀ ਆਤਮ-ਨਿਰਭਰ ਭਾਰਤ ਸਕੀਮ ਤਹਿਤ ਕਣਕ (ਪ੍ਰਤੀ ਵਿਅਕਤੀ) ਅਤੇ ਦਾਲ (ਪ੍ਰਤੀ ਪਰਵਾਰ) 14.14 ਲੱਖ ਵਿਅਕਤੀਆਂ ਨੂੰ ਮੁਹੱਈਆ ਕਰਵਾਈ ਗਈ ਅਤੇ ਸੂਬੇ ਵਲੋਂ ਕਣਕ ਦਾ ਆਟਾ ਤਿਆਰ ਕਰ ਕੇ, ਇਸ ਨਾਲ ਦਾਲ ਸ਼ਾਮਲ ਕਰ ਕੇ ਇਸ ਨੂੰ ਪ੍ਰਤੀ ਵਿਅਕਤੀ ਇਕ ਕਿਲੋ ਬਣਾਇਆ ਗਿਆ ਅਤੇ ਸੂਬੇ ਵਲੋਂ ਅਪਣੀ ਪੱਧਰ ’ਤੇ ਇਕ ਕਿਲੋ ਖੰਡ ਇਸ ਵਿਚ ਪਾਈ ਗਈ।
Food Grains
ਅਸਲ ਵਿਚ, ਸੂਬਾ ਸਰਕਾਰ ਨੇ ਅਪਣੇ ਫ਼ੰਡਾਂ ਵਿਚੋਂ ਪ੍ਰਵਾਸੀ ਕਿਰਤੀਆਂ ਨੂੰ 17 ਲੱਖ ਖੁਰਾਕੀ ਪੈਕਟ ਵੰਡਣ ਲਈ 69 ਕਰੋੜ ਰੁਪਏ ਖਰਚੇ ਜਿਨ੍ਹਾਂ ਵਿਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕੇਟ ਸ਼ਾਮਲ ਸਨ।