
ਪੈਰੋਲ 'ਤੇ ਬਾਹਰ ਆਇਆ ਸੌਦਾ ਸਾਧ ਨਕਲੀ ਹੈ ਜਾਂ ਅਸਲੀ ਵਾਲੀ ਪਟੀਸ਼ਨ ’ਤੇ ਹੋਈ ਸੁਣਵਾਈ
ਚੰਡੀਗੜ੍ਹ: ਸੌਦਾ ਸਾਧ ਦੇ ਅਸਲੀ-ਨਕਲੀ ਵਾਲੀ ਪਟੀਸ਼ਨ 'ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਉਂਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਟੀਸ਼ਨ ਦਾਇਰ ਕਰਨ ਸਮੇਂ ਦਿਮਾਗ ਲਗਾਇਆ ਕਰੋ।
ਜੱਜ ਨੇ ਕਿਹਾ ਕਿ ਤੁਸੀਂ ਫਿਕਸ਼ਨ ਫਿਲਮ ਦੇਖੀ ਹੈ, ਇਸ ਲਈ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ। ਪੈਰੋਲ 'ਤੇ ਸੌਦਾ ਸਾਧ ਅਗਵਾ ਕਿਵੇਂ ਹੋਇਆ? ਅਦਾਲਤ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਇਸ ਦੇ ਨਾਲ ਹੀ ਸੁਣਵਾਈ ਦੌਰਾਨ ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਈ ਅਤੇ ਜੁਰਮਾਨਾ ਵੀ ਲਗਾਇਆ।
ਦੱਸ ਦੇਈਏ ਕਿ ਸੌਦਾ ਸਾਧ ਇਹਨੀਂ ਦਿਨੀਂ ਇਕ ਮਹੀਨੇ ਲਈ ਪੈਰੋਲ 'ਤੇ ਬਾਹਰ ਆਇਆ ਹੈ। ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਰਹਿ ਰਿਹਾ ਹੈ ਪਰ ਰਾਮ ਰਹੀਮ ਅਸਲੀ ਹੈ ਜਾਂ ਨਕਲੀ ਇਸ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਡੇਰਾ ਸਮਰਥਕਾਂ ਵੱਲੋਂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਮ ਰਹੀਮ ਪਹਿਲਾਂ ਵਰਗਾ ਨਹੀਂ ਹੈ। ਉਸ ਦਾ ਸਰੀਰ ਬਹੁਤ ਬਦਲ ਗਿਆ ਹੈ ਅਤੇ ਉਹ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਪਛਾਣਨ ਤੋਂ ਅਸਮਰੱਥ ਹੈ। ਉਸ ਦਾ ਕੱਦ ਵੀ ਵਧ ਗਿਆ।
ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨਕਰਤਾ ਨੂੰ ਫਟਕਾਰ ਲਗਾਈ ਅਤੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਡੇਰੇ ਦੀ ਤਰਫੋਂ ਪਟੀਸ਼ਨ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਗਿਆ ਕਿ ਦੋ ਸਾਲ ਪਹਿਲਾਂ ਵੀ ਪਟੀਸ਼ਨਰ ਨੇ ਅਜਿਹੀ ਹੀ ਬੇਬੁਨਿਆਦ ਪਟੀਸ਼ਨ ਦਾਇਰ ਕਰਕੇ ਜੇਲ੍ਹ ਵਿਚ ਡੇਰਾ ਮੁਖੀ ਦੀ ਜਾਨ ਨੂੰ ਖ਼ਤਰਾ ਦੱਸਿਆ ਸੀ। ਹਾਈ ਕੋਰਟ ਦੇ ਹੁਕਮਾਂ 'ਤੇ ਸੈਸ਼ਨ ਜੱਜ ਨੇ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਦੋਸ਼ ਝੂਠੇ ਪਾਏ ਗਏ ਸਨ। ਇਸ ਤੋਂ ਬਾਅਦ ਅਦਾਲਤ ਨੇ ਜੁਰਮਾਨਾ ਲਗਾ ਕੇ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਟੀਸ਼ਨ 'ਚ ਲਗਾਏ ਗਏ ਦੋਸ਼ ਫਿਲਮਾਂ 'ਚ ਹੀ ਸੰਭਵ ਹਨ।