
ਨਸ਼ੇ ਦੀ ਦਲਦਲ ਵਿਚ ਫਸੇ ਨੌਜੁਆਨਾਂ ਦਾ ਕਰਵਾਇਆ ਜਾਵੇਗਾ ਮੁਫ਼ਤ ਇਲਾਜ: ਡਾ. ਬਲਜੀਤ ਕੌਰ
ਮਲੋਟ: ਮਲੋਟ ਵਿਖੇ ਵਾਰਡ ਨੰਬਰ 16 ਦੇ ਮੁਹੱਲਾ ਛੱਜਘੜ੍ਹ ਦੇ ਕਰੀਬ 50 ਪ੍ਰਵਾਰਾਂ ਨੇ ਪਹਿਲਕਦਮੀ ਕਰਦੇ ਹੋਏ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਮੌਜੂਦਗੀ ਵਿਚ ਨਸ਼ੇ ਨਾ ਵੇਚਣ ਦਾ ਪ੍ਰਣ ਲਿਆ। ਦਸਿਆ ਜਾ ਰਿਹਾ ਹੈ ਕਿ ਇਹ ਮੁਹੱਲਾ ਪਿਛਲੇ ਕਾਫੀ ਸਮੇਂ ਤੋਂ ਨਸ਼ਿਆਂ ਦੇ ਮਾਮਲੇ ਵਿਚ ਬਦਨਾਮ ਗਿਣਿਆ ਜਾਂਦਾ ਸੀ। ਅੱਜ ਇਨ੍ਹਾਂ ਲੋਕਾਂ ਨੇ ਪਹਿਲਕਦਮੀ ਕਰਦੇ ਹੋਏ ਹਲਕਾ ਮਲੋਟ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ 50 ਦੇ ਕਰੀਬ ਪ੍ਰਵਾਰਾਂ ਨੇ ਇਕ ਸਮਾਗਮ ਦੌਰਾਨ ਪ੍ਰਣ ਲਿਆ ਕਿ ਉਹ ਕੋਈ ਨਸ਼ਾ ਨਹੀਂ ਵੇਚਣਗੇ ਅਤੇ ਨਾ ਹੀ ਇਸ ਦਾ ਸੇਵਨ ਕਰਨਗੇ।
ਇਹ ਵੀ ਪੜ੍ਹੋ: ਟਮਾਟਰ ਦੀ ਕੀਮਤ 155 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪੁੱਜੀ
ਇਸ 'ਤੇ ਖੁਸ਼ੀ ਪ੍ਰਗਟ ਕਰਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪੰਜਾਬ ਵਿਚੋਂ ਪਹਿਲੀ ਮਿਸਾਲ ਹੋਵੇਗੀ ਜਦੋਂ ਲੋਕ ਖੁਦ ਅਪਣੇ ਆਪ ਵਿਚ ਸੁਧਾਰ ਕਰਕੇ, ਇਕ ਨਵੀਂ ਮੁੱਖ ਧਾਰਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਇਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੋ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪ੍ਰਵਾਰਾਂ ਨੇ ਅਪਣਾ ਪ੍ਰਣ ਪੂਰਾ ਕੀਤਾ ਤਾਂ ਉਹ ਅਪਣੀ ਨਿੱਜੀ ਗ੍ਰਾਂਟ ਵਿਚੋਂ ਮੁਹੱਲਾ ਨਿਵਾਸੀਆਂ ਦੀਆਂ ਮੰਗਾਂ ਪੂਰੀਆਂ ਕਰਨਗੇ। ਇਸ ਤੋਂ ਇਲਾਵਾ ਔਰਤਾਂ ਲਈ ਸੈਲਫ-ਹੈਲਪ ਗਰੁੱਪ ਵੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ: ਸੁਨੀਲ ਜਾਖੜ
ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਇਹ ਲੋਕ ਮਾੜੀ ਜਿੰਦਗੀ ਵਿਚੋਂ ਨਿਕਲ ਕੇ ਇਕ ਵਧੀਆ ਜਿੰਦਗੀ ਵਿਚ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਹਨ, ਉਨ੍ਹਾਂ ਦਾ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਪ੍ਰਵਾਰਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਕੰਮਾਂ ਦੀ ਮੁਫ਼ਤ ਸਿਖਲਾਈ ਦਿਤੀ ਜਾਵੇਗੀ। ਮੁਹੱਲੇ ਦੇ ਲੋਕਾਂ ਨੇ ਮਤਾ ਪਾਇਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਇਕ ਲੱਖ ਰੁਪਏ ਜੁਰਮਾਨਾ ਰਖਿਆ ਗਿਆ ਅਤੇ ਉਸ ਦਾ ਕੋਈ ਸਾਥ ਨਹੀਂ ਦਿਤਾ ਜਾਵੇਗਾ।