ਹਰਗੁਣ ਨੂੰ ਜਨਵਰੀ 2023 ਵਿਚ ਹੀ ਮਿਲੀ ਹੈ ਕੈਨੇਡਾ ਦੀ PR
ਬੁਢਲਾਡਾ (ਦਰਸ਼ਨ ਹਾਕਮਵਾਲਾ/ਕੁਲਵਿੰਦਰ ਚਹਿਲ): ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਹਰਗੁਣ ਸਿੰਘ ਨਾਗਪਾਲ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰ ਕੇ ਅਪਣੇ ਮਾਤਾ-ਪਿਤਾ, ਸ਼ਹਿਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤਨਜੋਤ ਸਿੰਘ ਸਾਹਨੀ ਯੂਥ ਅਕਾਲੀ ਆਗੂ ਨੇ ਦਸਿਆ ਕਿ ਬੁਢਲਾਡਾ ਨਿਵਾਸੀ ਆਗਿਆਪਾਲ ਸਿੰਘ ਨਾਗਪਾਲ ਦਾ ਬੇਟਾ ਹਰਗੁਣ ਸਿੰਘ ਸਤੰਬਰ 2017 ਵਿਚ ਸਟਡੀ ਵੀਜ਼ਾ ’ਤੇ ਕੈਨੇਡਾ ਦੇ ਟੋਰਾਂਟੋ ਵਿਖੇ ਗਿਆ
ਜਿਸ ਨੇ ਸਾਲ 2020 ਵਿਚ ਅਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਉਥੇ ਕੰਮ ਕਰਦਿਆਂ ਜਨਵਰੀ 2023 ਵਿਚ ਕੈਨੇਡਾ ਦੀ ਪੀ.ਆਰ ਪ੍ਰਾਪਤ ਕੀਤੀ। ਇਸੇ ਦੌਰਾਨ ਕੈਨੇਡੀਅਨ ਪੁਲਿਸ ਵਿਚ ਨਿਕਲੀਆਂ ਅਸਾਮੀਆਂ ਲਈ ਉਸ ਨੇ ਅਪਲਾਈ ਕੀਤਾ ਅਤੇ ਲੋੜੀਂਦੀ ਸਰੀਰਕ ਯੋਗਤਾ ਪੂਰੀ ਕਰਨ ਤੋਂ ਬਾਅਦ ਦੋ ਲਿਖਤੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰ ਕੇ ਮਨਿਸਟਰੀ ਆਫ਼ ਪੋਲੀਸਿੰਗ ਐਂਡ ਪਬਲਿਕ ਸੇਫ਼ਟੀ ਵਿਭਾਗ ਕੈਨੇਡਾ ਦੀ ਸਸਕੈਚਵਨ ਪੁਲਿਸ ਵਿਚ ‘ਕਰੈਕਸ਼ਨਲ ਆਫ਼ੀਸਰ’ ਦਾ ਰੁਤਬਾ ਹਾਸਲ ਕੀਤਾ।
ਅਪਣੀ ਇਸ ਸਫ਼ਲਤਾ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਹਰਗੁਣ ਸਿੰਘ ਨੇ ਕਿਹਾ ਕਿ ਕੈਨੇਡਾ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਉੱਥੋਂ ਦੀ ਪੁਲਿਸ ਵਿਚ ਭਰਤੀ ਹੋਣਾ ਉਸ ਦਾ ਮਕਸਦ ਬਣ ਗਿਆ ਸੀ ਜਿਸ ਦੇ ਚਲਦਿਆਂ ਉਸ ਦਾ ਰੁਝਾਨ ਲਗਾਤਾਰ ਇਸ ਪਾਸੇ ਵਲ ਬਣਿਆ ਰਿਹਾ ਤੇ ਇਸੇ ਸਾਲ ਜਨਵਰੀ ਉਸ ਦੇ ਪੀ.ਆਰ. ਹੋਣ ਨਾਲ ਇਸ ਸੇਵਾ ਵਿਚ ਜਾਣ ਦਾ ਉਸ ਦਾ ਰਾਹ ਪੱਧਰਾ ਹੋ ਗਿਆ ਤੇ ਤਿੰਨ ਮਹੀਨੇ ਪਹਿਲਾਂ ਇਸ ਪੁਲਿਸ ਸੇਵਾ ਲਈ ਉਸ ਦੀ ਚੋਣ ਹੋ ਗਈ ਸੀ ਪਰ ਵਿਭਾਗ ਸਿਖਲਾਈ ਪ੍ਰਾਪਤ ਕਰਨ ਉਪਰੰਤ ਬੀਤੇ ਕਲ ਉਹ ਬਕਾਇਦਾ ਰੂਪ ਵਿਚ ਇਸ ਸੇਵਾ ਦਾ ਹਿੱਸਾ ਬਣ ਗਿਆ ਹੈ।