
ਗੁਰੂ ਨਾਨਕ ਦੇਵ ਜੀ ਨੂੰ ਪੀਂਦੇ ਵਿਖਾਇਆ ਕੋਲਡ ਡਰਿੰਕ, ਟੀ-ਸ਼ਰਟ ਵਾਲੀ ਤਸਵੀਰ ਵੀ ਬਣਾਈ, ਤਸਵੀਰਾਂ 'ਤੇ ਲਿਖੀ ਗਈ ਇਤਰਾਜ਼ਯੋਗ ਸ਼ਬਦਾਵਲੀ
ਚੰਡੀਗੜ੍ਹ : ਬਨਾਉਟੀ ਬੁੱਧੀ (ਏ.ਆਈ.) ਦਾ ਪ੍ਰਯੋਗ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਛੇੜਛਾੜ ਕਰਨਾ ਜਾਰੀ ਹੈ। ਹੁਣ ਕਿਸੇ ਨੇ ਏ.ਆਈ. ਦੀ ਵਰਤੋਂ ਕਰ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਖ਼ਤ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਫੈਲਾਈਆਂ ਹਨ ਜਿਸ ’ਤੇ ਵੱਡਾ ਵਿਵਾਦ ਪੈਦਾ ਹੋ ਗਿਆ ਹੈ।
ਇਨ੍ਹਾਂ ਤਸਵੀਰਾਂ ’ਚ ਗੁਰੂ ਨਾਨਕ ਦੇਵ ਜੀ ਨੂੰ ਕੋਲਡ ਡਰਿੰਕ ਪੀਂਦੇ ਹੋਏ ਵਿਖਾਇਆ ਗਿਆ ਹੈ। ਇਕ ਟੀ-ਸ਼ਰਟ ਵਾਲੀ ਤਸਵੀਰ ਵੀ ਬਣਾਈ ਗਈ ਹੈ, ਜਿਸ ’ਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਹੈ। ਇਹ ਤਸਵੀਰਾਂ @Ravi3pathi ਨਾਂ ਦੀ ਪਛਾਣ ਵਾਲੇ ਕਿਸੇ ਵਿਅਕਤੀ ਨੇ ਪੋਸਟ ਕੀਤੀਆਂ ਹਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਲੀਡਰ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਇਨ੍ਹਾਂ ਤਸਵੀਰਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਇਸ ਨੂੰ ਸਿੱਖ ਪਛਾਣ ਅਤੇ ਵਿਸ਼ਵਾਸ ਉਤੇ ਨਾ-ਬਰਦਾਸ਼ਤਯੋਗ ਹਮਲਾ ਕਰਾਰ ਦਿਤਾ ਹੈ।
ਉਨ੍ਹਾਂ ਕਿਹਾ, ‘‘ਸਿੱਖ ਗੁਰੂਆਂ ਦੀ ਏ.ਆਈ. ਤਸਵੀਰ ਬਣਾਉਣਾ ਅਤੇ ਉਨ੍ਹਾਂ ਨੂੰ ਟੀ-ਸ਼ਰਟ ’ਚ ਭੱਦੀ ਸ਼ਬਦਵਾਲੀ ’ਚ ਵਿਖਾਉਣ, ਜੋ ਏਨੇ ਸ਼ਰਮਨਾਕ ਸ਼ਬਦ ਹਨ ਕਿ ਅਸੀਂ ਇਥੇ ਲਿਖ ਵੀ ਨਹੀਂ ਸਕਦੇ, ਸਰਾਸਰ ਗ਼ਲਤ ਹੀ ਨਹੀਂ ਸਿੱਖ ਪਛਾਣ ਅਤੇ ਸ਼ਰਧਾ ’ਤੇ ਨਾਬਰਦਾਸ਼ਤ ਕਰਨ ਯੋਗ ਹਮਲਾ ਵੀ ਹੈ। ਅਸੀਂ ਸਖ਼ਤੀ ਨਾਲ ਇਸ ਘਟੀਆ ਕੰਮ ਦੀ ਨਿਖੇਧੀ ਕਰਦੇ ਹਾਂ। ’’
ਉਨ੍ਹਾਂ ਨੇ ਪੁਲਿਸ ਨੂੰ ਤੁਰਤ @Ravi3pathi ਨਾਂ ਦੀ ਸੋਸ਼ਲ ਮੀਡੀਆ ਪਛਾਣ ਵਾਲੇ ਵਿਅਕਤੀ ਵਿਰੁਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਨੂੰ ਅਜਿਹੀ ਸ਼ਰਮਨਾਕ ਸਮੱਗਰੀ ’ਤੇ ਨਿਗਰਾਨੀ ਰੱਖਣ ਲਈ ਆਈ.ਟੀ. ਸੈੱਲ ਵੀ ਬਣਾਇਆ ਜਾਵੇ ਤਾਕਿ ਇਸ ਨੂੰ ਛੇਤੀ ਖ਼ਤਮ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਏ.ਆਈ. ਦੀ ਵਰਤੋਂ ਸਿੱਖ ਧਰਮ ਨੂੰ ਵਿਗਾੜ ਕੇ ਪੇਸ਼ ਕਰਨ ’ਚ ਭਰਪੂਰ ਹੋਈ ਹੈ। ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਭੇਸ ’ਚ ਇਕ ਫ਼ਿਲਮ ਦੇ ਪੋਸਟਰ ’ਤੇ ਵਿਖਾਇਆ ਗਿਆ ਸੀ, ਜਦਕਿ ਮਸ਼ਹੂਰ ਸੋਸ਼ਲ ਮੀਡੀਆ ਹਸਤੀ ਧਰੁਵ ਰਾਠੀ ’ਤੇ ਵੀ ਏ.ਆਈ. ਦੀ ਮਦਦ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਅਤੇ ਵੀਡੀਉ ਤਿਆਰ ਕਰਨ ਦੇ ਦੋਸ਼ ਲੱਗੇ ਸਨ।