
ਕਾਲਜਾਂ ਦੇ ਖੁੱਲ੍ਹਣ ਤੋਂ ਪਹਿਲਾਂ ਜੰਗੀ ਪੱਧਰ 'ਤੇ ਵਿਦਿਆਰਥੀਆਂ ਦਾ ਟੀਕਾਕਰਨ ਕਰਨ ਦੀ ਮੰਗ
ਚੰਡੀਗੜ੍ਹ, 3 ਅਗੱਸਤ (ਭੁੱਲਰ) : ਪੰਜਾਬ ਤੇ ਕੇਂਦਰ ਸਰਕਾਰ ਵਲੋਂ ਵਿਦਿਅਕ ਸੰਸਥਾਵਾਂ ਨੂੰ ਖੋਲ੍ਹਣ ਲਈ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਵਿਦਿਆਰਥੀ ਜਥੇਬੰਦੀਆਂ ਦੀ ਮੰਗ ਨੂੰ ਸਵੀਕਾਰ ਕੀਤਾ ਗਿਆ ਹੈ | ਪੰਜਾਬ ਯੂਨੀਵਰਸਟੀ ਚੰਡੀਗੜ੍ਹ 11 ਅਗੱਸਤ ਤੋਂ ਵਿਦਿਆਰਥੀਆਂ ਲਈ ਖੋਲ੍ਹੀ ਜਾ ਰਹੀ ਹੈ | ਜਿਸ ਨਾਲ ਪੰਜਾਬ ਯੂਨੀਵਰਸਟੀ ਅਧੀਨ ਆਉਂਦੇ 186 ਕਾਲਜਾਂ ਵਿਚ ਪੜ੍ਹਦੇ ਢਾਈ ਲੱਖ ਵਿਦਿਆਰਥੀਆਂ ਲਈ ਮੁੜ ਆਫ਼ਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਸਮੇਂ ਪੰਜਾਬ ਵਿਚ ਲੱਖਾਂ ਐਸੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਵੀ ਨਹੀਂ ਲੱਗੀ ਹੈ |
ਕੋਰੋਨਾ ਦੀ ਤੀਜੀ ਲਹਿਰ ਦੇ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਐਸਐਫਆਈ ਪੰਜਾਬ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਢੇਰ ਅਤੇ ਦਫ਼ਤਰ ਸਕੱਤਰ ਆਰਯਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ ਹੈ ਕਿ ਅਗਲੇ ਦਸ ਦਿਨਾਂ ਵਿਚ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ ਵਿਚ ਜੰਗੀ ਪੱਧਰ ਉੱਤੇ ਵੈਕਸੀਨੇਸ਼ਨ ਸੈਂਟਰ ਬਣਾ ਕੇ ਅਠਾਰਾਂ ਸਾਲ ਤੋਂ ਉਪਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਜਾਵੇ ਤਾਂ ਜੋ ਗਿਆਰਾਂ ਅਗੱਸਤ ਤੋਂ ਖੁਲ੍ਹਣ ਜਾ ਰਹੀਆਂ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀ ਬਿਨਾਂ ਕਿਸੇ ਡਰ ਤੋਂ ਜਾ ਸਕਣ | ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਯੂਨੀਵਰਸਟੀ ਕਾਲਜ ਬੰਦ ਹਨ ਅਤੇ ਆਨਲਾਈਨ ਸਿੱਖਿਆ ਦੇ ਨਾਮ 'ਤੇ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ | ਇਸ ਸਮੇਂ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਥੇ ਉਹ ਜਾਨੀ ਨੁਕਸਾਨ ਨੂੰ ਰੋਕਣ ਲਈ ਯਤਨ ਕਰੇ, ਉਥੇ ਹੀ ਸਿਖਿਆ ਦੇ ਹੋ ਰਹੇ ਭਾਰੀ ਨੁਕਸਾਨ ਨੂੰ ਰੋਕਣ ਲਈ ਯੂਨੀਵਰਸਟੀ ਕਾਲਜਾਂ ਵਿਚ ਵਿਦਿਆਰਥੀਆਂ ਦੀ ਪਹੁੰਚ ਸੰਭਵ ਬਣਾਏ |
ਆਗੂਆਂ ਨੇ ਕਿਹਾ ਕਿ ਆਨਲਾਈਨ ਸਿੱਖਿਆ ਰਾਹੀਂ ਪਹਿਲਾਂ ਹੀ ਲੱਖਾਂ ਵਿਦਿਆਰਥੀ ਸਿਖਿਆ ਤੋਂ ਵਾਂਝੇ ਹੋ ਚੁੱਕੇ ਹਨ | ਇਸ ਲਈ ਜਦੋਂ ਹੁਣ ਯੂਨੀਵਰਸਟੀ ਕਾਲਜ ਮੁੜ ਖੋਲ੍ਹੇ ਜਾ ਰਹੇ ਹਨ ਤਾਂ ਕੋਈ ਵੀ ਵਿਦਿਆਰਥੀ ਵੈਕਸੀਨੇਸ਼ਨ ਦੀ ਕਮੀ ਕਾਰਨ ਸਿਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਸਕੇ |