
ਕੋਟਕਪੁੂਰਾ ਗੋਲੀ ਕਾਂਡ ਨੂੰ ਲੈ ਕੇ ਐਸ.ਆਈ.ਟੀ ਨੇ ਸੁਮੇਧ ਸੈਣੀ ਤੋਂ ਲਗਾਤਾਰ ਚਾਰ ਘੰਟੇ ਕੀਤੀ ਪੁਛਗਿਛ
ਤੀਜੀ ਵਾਰ ਸੰਮਨ ਜਾਰੀ ਹੋਣ ਬਾਅਦ ਆਖ਼ਰ ਅੱਜ ਏ.ਡੀ.ਜੀ.ਪੀ. ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਸਾਹਮਣੇ ਪੇਸ਼ ਹੋਏ ਸਾਬਕਾ ਡੀ.ਜੀ.ਪੀ.
ਚੰਡੀਗੜ੍ਹ, 3 ਅਗੱਸਤ (ਗੁਰਉਪਦੇਸ਼ ਭੁੱਲਰ): ਬੇਅਦਬੀ ਦੇ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਵਿਚ ਅੱਜ ਐਸ.ਆਈ.ਟੀ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੋਂ ਲਗਾਤਾਰ ਚਾਰ ਘੰਟੇ ਤਕ ਪੁਛਗਿਛ ਕੀਤੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਵਾਰ ਤਲਬ ਕੀਤੇ ਜਾਣ ਤੇ ਸੈਣੀ ਐਸ.ਆਈ.ਟੀ. ਕੋਲ ਪੇਸ਼ ਨਹੀਂ ਸਨ ਹੋਏ ਅਤੇ ਆਖ਼ਰ ਅੱਜ ਤੀਜੀ ਵਾਰ ਤਲਬ ਕੀਤੇ ਜਾਣ ਤੇ ਇਥੇ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਿਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣੀ ਐਸ.ਆਈ.ਟੀ ਸਾਹਮਣੇ ਪੇਸ਼ ਹੋਏ | ਜਿਸ ਸਮੇਂ ਇਹ ਗੋਲੀ ਕਾਂਡ ਹੋਇਆ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀ.ਜੀ.ਪੀ. ਸੁਮੇਧ ਸੈਣੀ ਸਨ |
ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਉਪਰ ਪੁਲਿਸ ਨੇ ਗੋਲੀਬਾਰੀ ਕੀਤੀ ਸੀ | ਇਸ ਵਿਚ 2 ਸਿੱਖ ਨੌਜਵਾਨ ਮਾਰੇ ਗਏ ਸਨ | ਕਾਂਗਰਸ ਸਰਕਾਰ ਵਿਚ ਵੀ ਇਸ ਗੋਲੀ ਕਾਂਡ ਦੇ ਇਨਸਾਫ਼ ਨੂੰ ਲੈ ਕੇ ਜਦੋਜਹਿਦ ਚਲਦੀ ਰਹੀ ਹੈ ਪਰ ਅੱਜ ਤਕ ਕੋਈ ਠੋਸ ਕਾਰਵਾਈ ਨਹੀਂ ਹੋਈ | ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਸਾਬਕਾ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਿੱਟ ਦੀ ਜਾਂਚ ਰੀਪੋਰਟ ਹਾਈ ਕੋਰਟ ਨੇ ਰੱਦ ਕੀਤੀ ਹੋਈ ਹੈ ਅਤੇ ਪਿਛਲੀ ਸਰਕਾਰ ਸਮੇਂ ਹੀ ਨਵੀਂ ਸਿੱਟ ਬਣਾ ਕੇ ਮੁੜ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ | ਇਸ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੋਂ ਪੁਛਗਿਛ ਹੋ ਚੁੱਕੀ ਹੈ ਅਤੇ ਕਈ ਸੀਨੀਅਰ ਪੁਲਿਸ ਅਫ਼ਸਰ ਗਿ੍ਫ਼ਤਾਰ ਵੀ ਹੋਏ ਹਨ ਪਰ ਅੱਜ ਤਕ ਐਸ.ਆਈ.ਟੀ. ਇਹ ਗੱਲ ਪਤਾ ਨਹੀਂ ਲਾ ਸਕੀ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ ਸੀ ਪਰ ਹੁਣ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਨੂੰ ਹੱਥ ਪਾਏ ਜਾਣ ਨਾਲ ਗੱਲ ਅੱਗੇ ਤੁਰ ਸਕਦੀ ਹੈ |