
ਅਸੀ (ਸਿੱਖ) ਦੇਸ਼ ਦੀ ਹਰ ਔਕੜ ਵਿਚ ਵਿੱਤੋਂ ਵੱਧ ਸਹਾਈ ਹੋਏ, ਸਾਡੇ ਨਾਲ ਇਹ ਸਲੂਕ ਕਿਉਂ ਕੀਤਾ ਜਾ ਰਿਹਾ ਹੈ? : ਐਮ.ਪੀ. ਹਰਭਜਨ ਸਿੰਘ
ਅਫ਼ਗ਼ਾਨਿਸਤਾਨ ਵਿਚ ਸਿੱਖਾਂ 'ਤੇ ਹੋਏ ਹਮਲਿਆਂ ਦਾ ਮੁੱਦਾ ਵੀ ਚੁਕਿਆ
ਨਵੀਂ ਦਿੱਲੀ, 3 ਅਗੱਸਤ : ਸੰਸਦ ਦੇ ਮਾਨਸੂਨ ਇਜਲਾਸ ਵਿਚ ਪੰਜਾਬ ਦੇ ਸੰਸਦ ਮੈਂਬਰ ਲਗਾਤਾਰ ਪੰਜਾਬ ਅਤੇ ਸਿੱਖਾਂ ਦੇ ਅਹਿਮ ਮੁੱਦੇ ਚੁੱਕ ਰਹੇ ਹਨ | ਇਸ ਦੌਰਾਨ ਕਿ੍ਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਵੀ ਸੰਸਦ 'ਚ ਪੰਜਾਬ ਦੇ ਮੁੱਦੇ ਚੁੱਕਦੇ ਨਜ਼ਰ ਆਏ | ਉਨ੍ਹਾਂ ਨੇ ਅਫ਼ਗ਼ਾਨਿਸਤਾਨ 'ਚ ਸਿੱਖਾਂ ਅਤੇ ਗੁਰਦੁਆਰਿਆਂ 'ਤੇ ਹੋ ਰਹੇ ਹਮਲਿਆਂ ਦਾ ਮੁੱਦਾ ਉਠਾਉਂਦਿਆਂ ਪੁੱਛਿਆ ਕਿ ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਹਰਭਜਨ ਸਿੰਘ ਨੇ ਕਿਹਾ ਕਿ ਇਹ ਇਕ ਅਜਿਹਾ ਮੁੱਦਾ ਹੈ ਜਿਸ ਨੇ ਨਾ ਸਿਰਫ਼ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਗੋਂ ਇਹ ਸਿੱਖ ਹੋਣ ਦੀ ਪਛਾਣ 'ਤੇ ਹਮਲਾ ਹੈ | ਅਜਿਹੇ ਹਮਲੇ ਸਾਨੂੰ ਕਈ ਸਵਾਲ ਖੜੇ ਕਰਨ ਲਈ ਮਜਬੂਰ ਕਰਦੇ ਹਨ ਕਿ ਇਹ ਹਮਲੇ ਸਿਰਫ਼ ਸਾਡੇ 'ਤੇ ਹੀ ਕਿਉਂ ਕੀਤੇ ਜਾਂਦੇ ਹਨ? ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਜੇਕਰ ਕੋਵਿਡ ਕਾਲ ਦੀ ਗੱਲ ਕਰੀਏ ਤਾਂ ਉਸ ਸਮੇਂ ਗੁਰਦੁਆਰਿਆਂ ਅਤੇ ਸਿੱਖਾਂ ਨੇ ਲੋੜਵੰਦਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਸੀ |
ਉਨ੍ਹਾਂ ਕਿਹਾ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਿੱਖਾਂ ਦੇ ਯੋਗਦਾਨ ਤੋਂ ਕੋਈ ਅਣਜਾਣ ਨਹੀਂ ਹੈ | ਸਿੱਖ ਮਦਦ ਲਈ ਹਮੇਸ਼ਾ ਹੀ ਅੱਗੇ ਰਹੇ ਹਨ ਚਾਹੇ ਕੋਈ ਵੀ ਹਾਲਾਤ ਹੋਣ | ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਮਜ਼ਬੂਤ ਕੜੀ ਰਿਹਾ ਹੈ | ਇਸ ਸਭ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ?
ਕਾਬੁਲ ਵਿਚ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ 'ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖਮੀ ਹੋਏ ਸਨ | ਇਸ ਤੋਂ ਪਹਿਲਾਂ ਮਾਰਚ 2020 ਵਿਚ ਆਈਐਸ ਦੇ ਬੰਦੂਕਧਾਰੀਆਂ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ ਸੀ, ਜਿਸ ਵਿਚ ਬੱਚਿਆਂ ਸਣੇ 25 ਸਿੱਖਾਂ ਦੀ ਮੌਤ ਹੋਈ | ਉਨ੍ਹਾਂ ਦੇ ਸਸਕਾਰ ਤੋਂ ਬਾਅਦ ਅਗਲੇ ਦਿਨ ਇਕ ਹੋਰ ਹਮਲਾ ਹੋਇਆ |
ਹਰਭਜਨ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਕਦੇ ਹਜ਼ਾਰਾਂ ਸਿੱਖਾਂ ਅਤੇ ਹਿੰਦੂਆਂ ਦਾ ਘਰ ਸੀ ਪਰ ਦਹਾਕਿਆਂ ਦੇ ਸੰਘਰਸ਼ ਕਾਰਨ ਇਹ ਗਿਣਤੀ ਬਹੁਤ ਘੱਟ ਗਈ ਹੈ | ਹੁਣ ਸਿਰਫ਼ ਉਥੇ ਕਰੀਬ 150 ਸਿੱਖ ਹੀ ਰਹਿ ਗਏ ਹਨ | (ਪੀਟੀਆਈ)