ਬੱਸ ਅੱਡੇ 'ਤੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪਿਆਉਂਦਾ ਸੀ ਪਾਣੀ
ਲੰਬੇ ਸਮੇਂ ਤੋਂ ਭੋਲਾ-ਭਲਾ ਬਣ ਕੇ ਲੋਕਾਂ ਵਿਚ ਘੁੰਮ ਰਿਹਾ ਸੀ
ਗ੍ਰਿਫ਼ਤਾਰੀ ਮਗਰੋਂ ਪੁਛਗਿਛ ਦੌਰਾਨ ਹੋਇਆ ਖ਼ੁਲਾਸਾ
ਅਮਲੋਹ ਦਾ ਰਹਿਣ ਵਾਲਾ ਦਸਿਆ ਜਾ ਰਿਹੈ ਅਮਰਿੰਦਰ ਸਿੰਘ ਬੰਟੀ
ਖੰਨਾ : ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ਼.) ਨਾਲ ਜੁੜੇ ਹਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਬੰਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਹਿਮ ਖ਼ੁਲਾਸੇ ਹੋ ਰਹੇ ਹਨ। ਅਮਰਿੰਦਰ ਸਿੰਘ ਬੰਟੀ ਕੇ.ਐਲ.ਐਫ਼. ਦਾ ਸਲੀਪਰ ਸੈੱਲ ਨਿਕਲਿਆ ਹੈ। ਜੋ ਮੂਲ ਰੂਪ ਤੋਂ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਦਾ ਰਹਿਣ ਵਾਲਾ ਹੈ। ਉਹ ਕਾਫੀ ਸਮੇਂ ਤੋਂ ਖੰਨਾ ਬੱਸ ਅੱਡੇ 'ਤੇ ਪਾਣੀ ਪਿਆਉਂਦਾ ਸੀ ਅਤੇ ਪਸ਼ੂਆਂ ਦੀ ਸੇਵਾ ਕਰਦਾ ਸੀ। ਉਹ ਲੰਬੇ ਸਮੇਂ ਤੋਂ ਸਲੀਪਰ ਸੈੱਲ ਵਜੋਂ ਕੰਮ ਕਰ ਰਿਹਾ ਸੀ। ਉਹ ਇਕ ਭੋਲੇ ਭਾਲੇ ਵਿਅਕਤੀ ਦੇ ਰੂਪ ਵਿਚ ਲੋਕਾਂ ਵਿਚ ਵਿਚਰ ਰਿਹਾ ਸੀ।
ਇਹ ਵੀ ਪੜ੍ਹੋ: ਰਿਸ਼ਵਤਖੋਰੀ ਮਾਮਲੇ 'ਚ SHO ਪਰਮਜੀਤ ਸਿੰਘ ਅਤੇ ASI ਰਣਧੀਰ ਸਿੰਘ ਵਿਰੁਧ FIR ਦਰਜ
ਬੰਟੀ ਦੀ ਗ੍ਰਿਫ਼ਤਾਰੀ ਨੇ ਖੂਫ਼ੀਆ ਏਜੰਸੀਆਂ ਅਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕਰ ਦਿਤੇ ਹਨ। ਅਮਰਿੰਦਰ ਸਿੰਘ ਬੰਟੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਸਲੀਪਰ ਸੈੱਲ ਸੀ। ਇਸ ਨੂੰ ਟਾਰਗੇਟ ਕਿਲਿੰਗ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਬੰਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਬੱਸ ਸਟੈਂਡ 'ਤੇ ਦਹਿਸ਼ਤ ਦਾ ਮਾਹੌਲ ਹੈ। ਖੰਨਾ ਬੱਸ ਅੱਡੇ 'ਤੇ ਇਥੇ ਕੰਮ ਕਰਦੇ ਲੋਕਾਂ ਦਾ ਕਹਿਣਾ ਹੈ ਕਿ ਬੰਟੀ ਕਈ ਸਾਲਾਂ ਤੋਂ ਇਥੇ ਆਉਂਦਾ-ਜਾਂਦਾ ਸੀ। ਦਿਨ ਵਿਚ 12 ਤੋਂ 13 ਘੰਟੇ ਇਥੇ ਹੀ ਰਹਿੰਦਾ ਸੀ।
ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ : ਟਮਾਟਰ ਲੈ ਕੇ ਜਾ ਰਹੇ ਕਿਸਾਨ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ
ਦਸਿਆ ਜਾ ਰਿਹਾ ਹੈ ਕਿ ਬੰਟੀ ਦਾ ਕਿਸੇ ਵੀ ਵਿਅਕਤੀ ਜਾਂ ਕਿਸੇ ਕੰਪਨੀ ਨਾਲ ਕੋਈ ਸਬੰਧ ਨਹੀਂ ਸੀ। ਉਹ ਆਪਣੇ ਪੱਧਰ 'ਤੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪਾਣੀ ਪਿਆਉਂਦਾ ਸੀ। ਉਹ ਪਸ਼ੂਆਂ ਦੀ ਸੇਵਾ ਵੀ ਕਰਦਾ ਸੀ। ਕਦੇ ਕਿਸੇ ਨੂੰ ਸ਼ੱਕ ਨਹੀਂ ਸੀ ਕਿ ਬੰਟੀ ਦਾ ਸਬੰਧ ਕਿਸੇ ਅਜਿਹੇ ਸੰਗਠਨ ਨਾਲ ਹੋ ਸਕਦਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਬੰਟੀ ਅੰਗਰੇਜ਼ੀ ਅਖ਼ਬਾਰ ਪੜ੍ਹਦਾ ਸੀ ਅਤੇ ਬ੍ਰਾਂਡੇਡ ਕੱਪੜੇ ਪਾਉਂਦਾ ਸੀ।
ਜਾਣਕਾਰੀ ਹੈ ਕਿ ਖੰਨਾ ਵਿਚ ਕਈ ਵਾਰ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਸੁਰਾਗ਼ ਨਹੀਂ ਮਿਲਿਆ ਅਤੇ ਪੁਲਿਸ ਨੂੰ ਕਦੇ ਵੀ ਅਮਰਿੰਦਰ ਬੰਟੀ 'ਤੇ ਸ਼ੱਕ ਨਹੀਂ ਹੋਇਆ।