
ਸੰਸਦ ਮੈਂਬਰ ਤੋਂ ਪ੍ਰਧਾਨ ਮੰਤਰੀ: ਰਾਸ਼ਟਰ ਚਾਹੁੰਦਾ ਹੈ ਰਾਹੁਲ ਗਾਂਧੀ ਦੀ ਅਗਵਾਈ: ਪ੍ਰਦੇਸ਼ ਕਾਂਗਰਸ ਪ੍ਰਧਾਨ
ਚੰਡੀਗੜ੍ਹ : ਮੋਦੀ ਸਰਨੇਮ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਏ ਜਾਣ ਦੇ ਫੈਸਲੇ 'ਤੇ ਸੁਪਰੀਮ ਕੋਰਟ ਵੱਲੋਂ ਸਟੇਅ ਦਾ ਜਸ਼ਨ ਮਨਾਉਣ ਲਈ ਸੂਬੇ ਭਰ ਦੇ ਆਗੂਆਂ, ਵਰਕਰਾਂ, ਅਹੁਦੇਦਾਰਾਂ ਅਤੇ ਸਮਰਥਕਾਂ ਵੱਲੋਂ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਜਸ਼ਨ ਮਨਾਇਆ ਗਿਆ। ਸਮਾਗਮ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਕੇਸ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ। ਭਾਜਪਾ ਨੇ ਬਦਲਾਖੋਰੀ ਦੀ ਰਾਜਨੀਤੀ ਤਹਿਤ ਰਾਹੁਲ ਗਾਂਧੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਫੈਸਲਾ ਸੱਚ ਅਤੇ ਇਨਸਾਫ਼ ਦੀ ਜਿੱਤ ਹੈ। ਵੜਿੰਗ ਨੇ ਅੱਗੇ ਕਿਹਾ ਕਿ ਅਸੀਂ ਹਮੇਸ਼ਾ ਇਹ ਵਿਸ਼ਵਾਸ ਕੀਤਾ ਹੈ ਕਿ ਸੱਚ ਨੂੰ ਦਬਾਇਆ ਜਾ ਸਕਦਾ ਹੈ ਪਰ ਕਦੇ ਵੀ ਹਰਾਇਆ ਨਹੀਂ ਜਾ ਸਕਦਾ।
ਬਦਲਾਖੋਰੀ ਲਈ ਭਾਜਪਾ ਦੀ ਆਲੋਚਨਾ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਭਾਜਪਾ ਰਾਹੁਲ ਗਾਂਧੀ ਤੋਂ ਡਰਦੀ ਹੈ ਕਿਉਂਕਿ ਉਹ ਦਲੇਰੀ ਨਾਲ ਪਾਰਟੀ ਦੇ ਨੇਤਾਵਾਂ ਨੂੰ ਸਵਾਲ ਕਰਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਉਹ ਹੋਰ ਹਿੰਮਤ ਅਤੇ ਤਾਕਤ ਨਾਲ ਸੰਸਦ ਵਿੱਚ ਵਾਪਸ ਆਏ ਹਨ ਅਤੇ ਦੇਸ਼ ਦਾ ਸਦਨ ਇਕ ਵਾਰ ਫਿਰ ਇਸ ਲੋਕ ਆਗੂ ਦੀ ਗਰਜ ਦਾ ਗਵਾਹ ਬਣੇਗਾ।
ਰਾਹੁਲ ਗਾਂਧੀ 'ਤੇ ਲਗਾਏ ਗਏ ਸਾਰੇ ਝੂਠੇ ਇਲਜ਼ਾਮਾਂ ਅਤੇ ਦੋਸ਼ਾਂ ਦਾ ਹੌਲੀ-ਹੌਲੀ ਪਰਦਾਫਾਸ਼ ਹੋ ਰਿਹਾ ਹੈ। ਉਸਨੂੰ ਪ੍ਰੇਸ਼ਾਨ ਕਰਨ ਅਤੇ ਡਰਾਉਣ ਦੀਆਂ ਇਹ ਸਾਰੀਆਂ ਚਾਲਾਂ ਭਾਜਪਾ ਲੀਡਰਸ਼ਿਪ ਦੀ ਬੇਚੈਨੀ ਦਾ ਪਰਦਾਫਾਸ਼ ਕਰਦੀਆਂ ਹਨ। ਵੜਿੰਗ ਨੇ ਕਿਹਾ ਕਿ ਸੱਚ ਇਕ ਸੱਚ ਹੀ ਰਹੇਗਾ, ਇਸ ਨੂੰ ਕਿਸੇ ਵੀ ਤਰ੍ਹਾਂ ਪੱਕੇ ਤੌਰ 'ਤੇ ਢੱਕਿਆ ਨਹੀਂ ਜਾ ਸਕਦਾ।
ਵੜਿੰਗ ਨੇ ਭਾਰਤੀ ਨਿਆਂਪਾਲਿਕਾ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਭਾਜਪਾ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਅਸੀਂ ਹਮੇਸ਼ਾ ਦੇਸ਼ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਹੁਣ ਇਹ ਭਾਰਤ ਦੇ ਸੰਘੀ ਢਾਂਚੇ ਦੀ ਰੱਖਿਆ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਭਾਜਪਾ ਦੇ ‘ਕੁਸ਼ਾਸਨ’ ਅਤੇ ਜ਼ੁਲਮ ਵਿਰੁੱਧ ਲੜਦੀ ਰਹੇਗੀ।
ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ 'ਤੇ ਸੁਪਰੀਮ ਕੋਰਟ ਦਾ ਸਟੇਅ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੈ। ਪੰਜਾਬ ਕਾਂਗਰਸ ਭਵਨ ਵਿੱਚ ਹੋਏ ਜਸ਼ਨ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਕਾਂਗਰਸ ਪਾਰਟੀ ਭਾਜਪਾ ਤੋਂ ਡਰ ਕੇ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਾਡੇ ਉਤਸ਼ਾਹੀ ਸਾਂਸਦ ਰਾਹੁਲ ਗਾਂਧੀ ਉਸੇ ਪੁਰਾਣੇ ਜਜ਼ਬੇ ਅਤੇ ਉਤਸ਼ਾਹ ਨਾਲ ਪਾਰਲੀਮੈਂਟ ਵਿੱਚ ਆਉਣਗੇ, ਪਰ ਇੱਕ ਦਲੇਰ ਅਤੇ ਇਮਾਨਦਾਰ ਸੰਸਦ ਮੈਂਬਰ ਵਜੋਂ ਆਪਣੀ ਭੂਮਿਕਾ ਨੂੰ ਮੁੜ ਪਰਿਭਾਸ਼ਤ ਕਰਨ ਲਈ ਹੋਰ ਹਿੰਮਤ ਨਾਲ ਆਉਣਗੇ। ਵੜਿੰਗ ਨੇ ਕਿਹਾ ਕਿ ਅਸੀਂ ਸਾਰੇ ਜਲਦੀ ਹੀ ਉਸ ਨੂੰ ਐਮ.ਪੀ ਤੋਂ ਪੀ. ਐਮ ਵਿੱਚ ਬਦਲਦੇ ਹੋਏ ਦੇਖਾਂਗੇ। ਪਟਾਕੇ ਚਲਾ ਕੇ ਅਤੇ ਢੋਲ ਦੇ ਦਮਗਜਿਆਂ ਨਾਲ ਜਸ਼ਨ ਬਹੁਤ ਧੂਮਧਾਮ ਨਾਲ ਮਨਾਏ ਗਏ। ਇਕੱਠ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ।