
ਇਨਸਾਫ ਮੋਰਚੇ ਦੇ 95ਵੇਂ ਦਿਨ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਲਵਿਦਾ ਕਹਿਣ ਵਾਲੇ ਐਡਵੋਕੇਟ ਸੁਖਦੇਵ ਸਿੰਘ ਭੌਰ.............
ਕੋਟਕਪੂਰਾ :- ਇਨਸਾਫ ਮੋਰਚੇ ਦੇ 95ਵੇਂ ਦਿਨ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਲਵਿਦਾ ਕਹਿਣ ਵਾਲੇ ਐਡਵੋਕੇਟ ਸੁਖਦੇਵ ਸਿੰਘ ਭੌਰ ਤੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਬੇਟੀ ਕੁਲਦੀਪ ਕੌਰ ਟੌਹੜਾ ਨੇ ਜਿਥੇ ਬੇਅਬਦੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਉਥੇ ਬਾਦਲ ਪਰਵਾਰ ਵਿਰੁਧ ਵੀ ਅੰਕੜਿਆਂ ਸਹਿਤ ਦਲੀਲ ਭਰਪੂਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ ਦਲ ਨੂੰ ਅਕਾਲੀ ਦਲ ਕਹਿਣ ਦੀ ਬਜਾਏ ਬਾਦਲ ਦਲ ਕਿਹਾ ਜਾਵੇ, ਕਿਉਂਕਿ ਬਾਦਲ ਦਲ ਖ਼ਤਮ ਹੋ ਜਾਵੇਗਾ ਪਰ ਅਕਾਲੀ ਦਲ ਕੁਰਬਾਨੀਆਂ 'ਚੋਂ ਪੈਦਾ ਹੋਇਆ ਹੈ ਅਤੇ ਉਹ ਕਦੇ ਖ਼ਤਮ ਨਹੀਂ ਹੋਵੇਗਾ।
ਬੀਬੀ ਟੌਹੜਾ ਨੇ ਦਸਿਆ ਕਿ ਉਨ੍ਹਾਂ ਦੇ ਸਹੁਰੇ ਜੱਥੇਦਾਰ ਗੁਰਬਖਸ਼ ਸਿੰਘ ਨੇ 3 ਸਾਲ ਕਾਲੇ ਪਾਣੀ ਦੀ ਸਜ਼ਾ ਕੱਟੀ, ਮਾਤਾ ਜੀ ਤਿੰਨ ਸਾਲ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਰਹੇ, ਜਦੋਂ ਜ਼ਮੀਨ ਜਾਇਦਾਦਾਂ ਕੁਰਕ ਹੋ ਗਈਆਂ ਅਤੇ ਗੁਰਦੁਆਰਾ ਸਾਹਿਬ 'ਚ ਰਹਿ ਕੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਇਕ ਪਰਵਾਰ ਦੀ ਵਿਰਾਸਤ ਨਹੀਂ, ਸਗੋਂ ਇਹ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ 'ਚੋਂ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਫਿਰ ਤੋਂ ਉੱਭਰ ਕੇ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਰਾਜ ਸਮੇਂ ਸਭ ਤੋਂ ਵੱਧ ਚਿੱਟੇ ਦਾ ਵਪਾਰ ਪੰਜਾਬ 'ਚ ਫੈਲਿਆ।
ਉਨ੍ਹਾਂ ਕਿਹਾ ਕਿ ਸ਼ਾਂਤਮਈ ਧਰਨੇ 'ਚ ਸਰਕਾਰ ਨੂੰ ਅਪਣਾ ਕੋਈ ਨੁਮਾਇੰਦਾ ਭੇਜਣਾ ਚਾਹੀਦਾ ਸੀ ਨਾ ਕਿ ਗੋਲੀਆਂ ਨਾਲ ਸਿੰਘ ਸ਼ਹੀਦ ਕਰਨੇ ਚਾਹੀਦੇ ਸਨ।
ਐਡਵੋਕੇਟ ਸੁਖਦੇਵ ਸਿੰਘ ਭੌਰ ਨੇ ਅਹਿਮ ਪ੍ਰਗਟਾਵਾ ਕਰਦਿਆਂ ਆਖਿਆ ਕਿ ਬਾਦਲ ਪਰਵਾਰ ਮੈਨੂੰ ਵੀ ਸਿਰਸੇ ਵਾਲੇ ਨੂੰ ਮਾਫ਼ੀ ਦੇਣ ਦੇ ਮਾਮਲੇ 'ਚ ਘੜੀਸਣਾ ਚਾਹੁੰਦਾ ਸੀ ਪਰ ਮੇਰੇ ਵਲੋਂ ਦਿਤੇ ਸਪੱਸ਼ਟ ਜਵਾਬ ਨੇ ਉਨ੍ਹਾਂ ਦੀ ਦਾਲ ਨਾ ਗਲਣ ਦਿਤੀ।
ਉਨ੍ਹਾਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੂੰ ਸੁਝਾਅ ਦਿਤਾ ਕਿ ਹੁਣ ਮੋਰਚੇ ਨੂੰ ਸ਼ਾਂਤਮਈ ਰੱਖਣ ਦੀ ਬਜਾਇ ਸਖ਼ਤ ਕੀਤਾ ਜਾਵੇ। ਪੰਜਾਬ ਭਰ ਦੇ ਜ਼ਿਲ੍ਹਾ ਹੈਡ ਕੁਆਟਰਾਂ 'ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ 'ਚ ਰੋਸ ਪੱਤਰ ਦਿਤੇ ਜਾਣ। ਬੀਤੀ ਦੇਰ ਸ਼ਾਮ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ 34 ਮਰਦ, 22 ਔਰਤਾਂ ਅਤੇ 4 ਬੱਚਿਆਂ ਸਮੇਤ ਕੁੱਲ 60 ਪ੍ਰਾਣੀਆਂ ਨੂੰ ਭਾਈ ਮੰਡ ਵਲੋਂ ਸਿਰੋਪਾਉ ਪਾ ਕੇ ਸਨਮਾਨਤ ਕੀਤਾ ਗਿਆ।