
ਆਨਲਾਈਨ ਮਾਧਿਅਮ ਰਾਹੀਂ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਤ ਸਿੱਖਿਆ ਦੀ ਲੋੜ ’ਤੇ ਜ਼ੋਰ
ਚੰਡੀਗੜ੍ਹ, 4 ਸਤੰਬਰ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅਧਿਆਪਕ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਹੈ। ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਅਧਿਆਪਕ ਦਿਵਸ ਸਬੰਧੀ ਆਪਣੇ ਸੰਦੇਸ਼ ਵਿੱਚ ਸਿੱਖਿਆ ਮੰਤਰੀ ਨੇ ਸੱਦਾ ਦਿੱਤਾ ਕਿ ਆਉ ਇਸ ਸ਼ੁੱਭ ਮੌਕੇ ਨੂੰ ਪੂਰੇ ਉਤਸ਼ਾਹ ਨਾਲ ਮਨਾਈਏ ਅਤੇ ਪ੍ਰਣ ਲਈਏ ਕਿ ਕੋਵਿਡ-19 ਦੇ ਮੁਸ਼ਕਲ ਸਮੱਸਿਆਂ ਦੌਰਾਨ ਬੱਚਿਆਂ ਨੂੰ ਹੋਰ ਵਧੀਆ ਢੰਗ ਨਾਲ ਆਨਲਾਈਨ ਤਰੀਕਿਆਂ ਰਾਹੀਂ ਨੈਤਿਕ ਸਿੱਖਿਆ ਦੇਣ ਉਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
Sarvepalli Radhakrishnan
ਉਨ੍ਹਾਂ ਕਿਹਾ ਕਿ ਇਹ ਦਿਵਸ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨਦੇ ਜਨਮ ਦਿਵਸ ਮੌਕੇ ਮਨਾਇਆ ਜਾਂਦਾ ਹੈ, ਜੋ ਕਿ ਉੱਘੇ ਸਿੱਖਿਆ ਮਾਹਰ ਅਤੇ ਮਹਾਨ ਦਰਸ਼ਨ ਸ਼ਾਸਤਰੀ ਸਨ ਅਤੇ ਜਿਨ੍ਹਾਂ ਸਿੱਖਿਆ ਪ੍ਰਣਾਲੀ ਦੇ ਪੁਨਰਗਠਨ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਆਪਣਾ ਮਹਾਨ ਯੋਗਦਾਨ ਦਿੱਤਾ।
Vijay Inder Singla
ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਅਧਿਆਪਕਾਂ ਦੀਆਂ ਲਾਮਿਸਾਲ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਅਧਿਆਪਕ ਦਿਵਸ ਅਹਿਮ ਹੈ ਕਿਉਂਕਿ ਇਹ ਅਜਿਹੇ ਸਮੇਂ ਆਇਆ ਹੈ, ਜਦੋਂ ਅਧਿਆਪਕ ਸਿੱਖਿਆ ਦੇ ਰਵਾਇਤੀ ਮਾਧਿਅਮਾਂ ਨੂੰ ਛੱਡ ਕੇ ਡਿਜੀਟਲ ਤੇ ਆਨਲਾਈਨ ਸਿੱਖਿਆ ਦੇ ਨਵੇਂ ਮਾਧਿਅਮਾਂ ਰਾਹੀਂ ਬੱਚਿਆਂ ਦੀ ਸਿੱਖਿਆ ਵਿੱਚ ਲਗਾਤਾਰਤਾ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਦਿਨ-ਰਾਤ ਇਕ ਕਰ ਕੇ ਸੂਬੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਨਵੇਂ ਢੰਗ-ਤਰੀਕੇ ਸਿੱਖ ਰਹੇ ਹਨ।
Teachers Day
ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਬੁਨਿਆਦੀ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਸੱਚਾਈ, ਦਿਆਨਤਦਾਰੀ, ਸਮਰਪਣ ਅਤੇ ਬੱਚਿਆਂ ਵਿੱਚ ਨੈਤਿਕ ਗੁਣ ਪੈਦਾ ਕਰਨ ਲਈ ਜ਼ੋਰ ਦਿੰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਤੋਂ ਅਗਵਾਈ ਲੈਂਦੇ ਹਨ ਅਤੇ ਅਧਿਆਪਕ ਹੀ ਦੇਸ਼ ਦਾ ਰੌਸ਼ਨ ਭਵਿੱਖ ਯਕੀਨੀ ਬਣਾਉਂਦੇ ਹਨ।