
ਅਦਾਲਤ ਵਲੋਂ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਰੱਦ
ਕੋਟਕਪੂਰਾ, 3 ਸਤੰਬਰ (ਗੁਰਿੰਦਰ ਸਿੰਘ): ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆਂ ਅਤਿਆਚਾਰ ਅਤੇ ਨਿਰਦੋਸ਼ ਸੰਗਤਾਂ ਨੂੰ ਹੀ ਦੋਸ਼ੀ ਠਹਿਰਾਉਣ ਲਈ ਕੋਟਕਪੂਰਾ ਅਤੇ ਬਾਜਾਖ਼ਾਨਾ ਥਾਣਿਆਂ 'ਚ ਦਰਜ ਕੀਤੀਆਂ ਗਈਆਂ ਐਫ਼ਆਈਆਰਾਂ ਤੋਂ ਇਲਾਵਾ ਹੋਰ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਸਿਟੀ ਥਾਣਾ ਕੋਟਕਪੂਰਾ ਦੇ ਤਤਕਾਲੀਨ ਐਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਉਕਤ ਘਟਨਾਵਾਂ ਨਾਲ ਸਬੰਧਤ ਮਾਮਲਿਆਂ 'ਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਸੀ ਪਰ ਗੁਰਦੀਪ ਸਿੰਘ ਪੰਧੇਰ ਦੀ ਅਦਾਲਤ 'ਚ ਲੱਗੀ ਜ਼ਮਾਨਤ ਦੀ ਅਰਜੀ ਨੂੰ ਅੱਜ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਲੋਂ ਰੱਦ ਕਰ ਦਿਤਾ ਗਿਆ।
ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਪੰਧੇਰ ਦੇ ਵਕੀਲ ਨੇ ਜਮਾਨਤ ਲਈ ਅਰਜੀ ਦਾਇਰ ਕਰਦਿਆਂ ਚਲਦੇ ਮੁਕੱਦਮੇ ਤਕ ਜ਼ਮਾਨਤ 'ਤੇ ਰਿਹਾਅ ਕਰਨ ਦੀ ਮੰਗ ਕੀਤੀ ਸੀ ਜਿਸ 'ਤੇ ਅਦਾਲਤ ਨੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕਰਦਿਆਂ ਹਦਾਇਤ ਕੀਤੀ ਸੀ ਕਿ ਇਸ ਮਾਮਲੇ ਨਾਲ ਲੋੜੀਂਦਾ ਰਿਕਾਰਡ ਪੇਸ਼ ਕੀਤਾ ਜਾਵੇ। ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਅਤੇ ਵਿਸ਼ੇਸ਼ ਟੀਮ ਵਲੋਂ ਇਸ ਕੇਸ ਦੇ ਮੁਤੱਲਕ ਰਿਕਾਰਡ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਇਸ ਦੀ ਸੁਣਵਾਈ ਕੀਤੀ ਗਈ ਜਿਸ 'ਤੇ ਅਦਾਲਤ ਨੇ ਲਗਭਗ ਇਕ ਘੰਟਾ ਦੋਵਾਂ ਪਾਰਟੀਆਂ ਵਿਚ ਬਹਿਸ ਸੁਣਨ ਉਪਰੰਤ ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜੀ ਰੱਦ ਕਰ ਦਿਤੀ।
ਗੁਰਦੀਪ ਸਿੰਘ ਪੰਧੇਰ ਨੇ ਅਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਸਾਜਿਸ਼ ਤਹਿਤ ਫ਼ਰਜ਼ੀ ਤੌਰ 'ਤੇ ਫਸਾਇਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਨਾਲ ਕੋਈ ਸਬੰਧ ਨਹੀਂ ਹੈ। ਪਾਠਕਾਂ ਦੀ ਜਾਣਕਾਰੀ ਲਈ ਇੱਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਗੋਲੀਕਾਂਡ ਦੇ ਸਬੰਧ 'ਚ ਗੁਰਦੀਪ ਸਿੰਘ ਪੰਧੇਰ ਨੂੰ ਜਾਂਚ ਟੀਮ ਨੇ 21 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਇਸ ਤੋਂ ਪਹਿਲਾਂ ਗੁਰਦੀਪ ਸਿੰਘ ਪੰਧੇਰ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਦਰਜ ਹੋਏ ਦੋ ਮਾਮਲਿਆਂ ਵਿਚ ਬਤੌਰ ਮੁਲਜ਼ਮ ਨਾਮਜ਼ਦ ਹੋ ਚੁੱਕੇ ਹਨ। ਕੋਟਕਪੂਰਾ ਗੋਲੀਕਾਂਡ 'ਚ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀਨ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਅਤੇ ਕੋਟਕਪੂਰਾ ਦੇ ਤਤਕਾਲੀ imageਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਵਿਰੁਧ ਚਲਾਨ ਅਦਾਲਤ ਵਿਚ ਪੇਸ਼ ਕਰ ਦਿਤਾ ਹੈ। ਗੁਰਦੀਪ ਸਿੰਘ ਪੰਧੇਰ ਇਸ ਵੇਲੇ ਜੇਲ 'ਚ ਨਜ਼ਰਬੰਦ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-3-5ਈ