
ਹੁਣ ਨਵਜੋਤ ਸਿੱਧੂ ਪਾਰਟੀ ਸੰਗਠਨ ਬਣਾਉਣ ਦੇ ਕੰਮ ਵਿਚ ਲੱਗੇ
ਪ੍ਰਗਟ ਸਿੰਘ ਦੀ ਰਿਹਾਇਸ਼ 'ਤੇ ਕਾਰਜਕਾਰੀ ਪ੍ਰਧਾਨਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ, 3 ਸਤੰਬਰ (ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਭਾਵੇਂ ਅੱਜ ਵਿਧਾਨ ਸਭਾ ਸੈਸ਼ਨ 'ਚ ਤਾਂ ਚੁੱਪੀ ਧਾਰੀ ਰੱਖੀ ਤੇ ਮੀਡੀਆ ਨਾਲ ਵੀ ਕੋਈ ਗੱਲ ਨਹੀਂ ਕੀਤੀ ਪਰ ਉਨ੍ਹਾਂ ਨੇ ਸੈਸ਼ਨ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨਾਂ ਅਤੇ ਜਨਰਲ ਸਕੱਤਰ ਪ੍ਰਗਟ ਸਿੰਘ ਤੇ ਕੁੱਝ ਵਿਧਾਇਕਾਂ ਨਾਲ ਇਕ ਮੀਟਿੰਗ ਜ਼ਰੂਰ ਕੀਤੀ ਹੈ | ਇਹ ਮੀਟਿਗ ਪ੍ਰਗਟ ਸਿੰਘ ਦੀ ਰਿਹਾਇਸ਼ 'ਤੇ ਹੋਈ | ਇਸ ਮੀਟਿੰਗ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਪਰ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਸੰਗਠਨ ਦੇ ਕੰਮਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਹੈ |
ਸੂਤਰਾਂ ਅਨੁਸਾਰ ਪਾਰਟੀ ਹਾਈਕਮਾਨ ਨੇ ਸਿੱਧੂ ਨੂੰ ਪਾਰਟੀ ਸੰਗਠਨ ਤਿਆਰ ਕਰਨ ਦਾ ਕੰਮ ਛੇਤੀ ਪੂਰਾ ਕਰਨ ਲਈ ਕਿਹਾ ਹੈ, ਤਾਂ ਜੋ ਕਾਂਗਰਸ ਚੋਣ ਮੁਹਿੰਮ ਦੀ ਤਿਆਰੀ 'ਚ ਮੈਦਾਨ 'ਚ ਉਤਰ ਸਕੇ | ਬੀਤੇ ਦਿਨੀਂ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਵੀ ਪੰਜਾਬ ਕਾਂਗਰਸ ਦਾ ਸੰਗਠਨ ਹੇਠਲੇ ਪੱਧਰ ਤਕ 15 ਦਿਨ 'ਚ ਬਣ ਜਾਣ ਦੀ ਗੱਲ ਆਖੀ ਸੀ ਅਤੇ ਇਸ ਬਾਰੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਸੀ | ਅੱਜ ਪ੍ਰਗਟ ਦੀ ਰਿਹਾਇਸ਼ 'ਤੇ ਹੋਈ ਮੀਟਿੰਗ 'ਚ ਵੀ ਸਿੱਧੂ ਨੇ ਪਾਰਟੀ ਸੰਗਠਨ ਤੇ ਸਰਗਰਮੀ ਵਧਾਉਣ ਨੂੰ ਲੈ ਕੇ ਸਾਥੀਆਂ ਨਾਲ ਚਰਚਾ ਕੀਤੀ ਹੈ |