
ਸਿੱਖਿਆ ਵਿਭਾਗ ਵੱਲੋਂ 229 ਪ੍ਰਿੰਸੀਪਲਾਂ ਦੀ ਨਵੀਂ ਭਰਤੀ ਪ੍ਰਕਿਰਿਆ ਜਾਰੀ ਹੈ।
ਚੰਡੀਗੜ੍ਹ - ਪੰਜਾਬ ਦੇ ਕਈ ਸਕੂਲਾਂ ਵਿਚ ਪ੍ਰਿੰਸੀਪਲ ਨਹੀਂ ਹਨ ਤੇ ਕਈ ਸਕੂਲਾਂ ਵਿਚ ਜੋ ਪ੍ਰਿਸੀਪਲ ਹਨ ਉਹ ਬੱਚਿਆਂ ਨੂੰ ਪੜ੍ਹਾਈ ਵੀ ਕਰਵਾ ਰਹੇ ਹਨ। ਸਰਕਾਰੀ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਵਾਲੀਆ, ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਿੱਖਿਆ ਭਵਨ ਵਿਚ ਡਾਇਰੈਕਟਰ, ਡਿਪਟੀ ਡਾਇਰੈਕਟਰ ਤੇ ਜੁਆਇੰਟ ਡਾਇਰੈਕਟਰਾਂ, ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਵਾਧੂ ਚਾਰਜ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ।
ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਸਕੂਲਾਂ ਦੀ ਗਿਣਤੀ ਗਿਣਾਉਂਦਿਆਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 9 ਸਕੂਲ, ਹੁਸ਼ਿਆਰਪੁਰ ਦੇ 35, ਜਲੰਧਰ ਦੇ 34, ਕਪੂਰਥਲਾ ਦੇ 28, ਗੁਰਦਾਸਪੁਰ ਦੇ 33, ਫਿਰੋਜ਼ਪੁਰ ਦੇ 25, ਲੁਧਿਆਣਾ ਦੇ 30 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ। ਬਠਿੰਡਾ ਦੇ 45, ਫ਼ਰੀਦਕੋਟ ਦੇ 15, ਫ਼ਤਹਿਗੜ੍ਹ ਦੇ 6, ਫਾਜ਼ਿਲਕਾ ਦੇ 13, ਬਰਨਾਲਾ ਦੇ 23, ਮਾਨਸਾ ਦੇ 31, ਮਾਲੇਰਕੋਟਲਾ ਦੇ 7, ਮੋਗਾ ਦੇ 44, ਮੁਕਤਸਰ ਦੇ 13, ਪਠਾਨਕੋਟ ਦੇ 8
ਪਟਿਆਲਾ ਦੇ 13, ਤਰਨ ਤਾਰਨ ਦੇ 35, ਸੰਗਰੂਰ ਦੇ 30 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ। ਨਵਾਂ ਸ਼ਹਿਰ ਦੇ 29 ਤੇ ਰੂਪਨਗਰ ਦੇ ਇਕ ਸਕੂਲ ਵਿਚ ਪ੍ਰਿੰਸੀਪਲ ਨਹੀਂ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਡੀਪੀਆਈ (ਸੈਕੰਡਰੀ) ਕੁਲਜੀਤ ਪਾਲ ਸਿੰਘ ਮਾਹੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਪਰ ਅਦਾਲਤੀ ਕੇਸਾਂ ਕਾਰਨ ਦਿੱਕਤਾਂ ਆ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ 229 ਪ੍ਰਿੰਸੀਪਲਾਂ ਦੀ ਨਵੀਂ ਭਰਤੀ ਪ੍ਰਕਿਰਿਆ ਜਾਰੀ ਹੈ।