
ਮਹਿੰਗਾਈ, ਜੀਐਸਟੀ ਤੇ ਬੇਰੁਜ਼ਗਾਰੀ ਵਿਰੁਧ ਰਾਮਲੀਲਾ ਮੈਦਾਨ ਵਿਚ ਕਾਂਗਰਸ ਦੀ 'ਹੱਲਾ ਬੋਲ' ਰੈਲੀ ਅੱਜ
ਨਵੀਂ ਦਿੱਲੀ, 3 ਸਤੰਬਰ : ਕਾਂਗਰਸ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮਹਿੰਗਾਈ, ਬੇਰੁਜ਼ਗਾਰੀ ਅਤੇ ਜੀਐਸਟੀ ਵਿਚ ਵਾਧੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਰੈਲੀ ਕਰੇਗੀ |
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾ ''ਮਹਿੰਗਾਈ 'ਤੇ ਹੱਲਾ ਬੋਲ'' ਰੈਲੀ ਨੂੰ ਸੰਬੋਧਨ ਕਰਨਗੇ | ਇਸ ਵਿਚ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਤੋਂ ਪਾਰਟੀ ਵਰਕਰ ਸ਼ਾਮਲ ਹੋਣਗੇ | ਇਹ ਰੈਲੀ 7 ਸਤੰਬਰ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਵਿਰੋਧੀ ਪਾਰਟੀ ਦੀ 3,500 ਕਿਲੋਮੀਟਰ ਦੀ Tਭਾਰਤ ਜੋੜੋ ਯਾਤਰਾ'' ਤੋਂ ਪਹਿਲਾਂ ਹੋਣ ਜਾ ਰਹੀ ਹੈ, ਜਿਥੇ ਰਾਹੁਲ ਗਾਂਧੀ ਦੇਸ਼ ਭਰ ਵਿਚ ਯਾਤਰਾ ਕਰ ਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ 'ਤੇ ਜ਼ੋਰ ਦੇਣਗੇ ਅਤੇ ਫ਼ਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨਗੇ | Tਭਾਰਤ ਜੋੜੋ ਯਾਤਰਾ'' ਕਾਂਗਰਸ ਪਾਰਟੀ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਜਨ ਸੰਪਰਕ ਪ੍ਰੋਗਰਾਮ ਹੈ, ਜਿਥੇ ਪਾਰਟੀ ਦੇ ਆਗੂ ਜ਼ਮੀਨੀ ਪੱਧਰ 'ਤੇ ਆਮ ਲੋਕਾਂ ਤਕ ਪਹੁੰਚ ਕਰਨਗੇ |
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਲਾਜ ਲਈ ਦੇਸ਼ ਤੋਂ ਬਾਹਰ ਗਈ ਹੋਈ ਹੈ ਅਤੇ ਪਾਰਟੀ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵੀ ਉਨ੍ਹਾਂ ਨਾਲ ਗਈ ਹੈ, ਜਿਸ ਕਾਰਨ ਉਹ ਦੋਵੇਂ ਪ੍ਰੋਗਰਾਮਾਂ ਵਿਚ ਹਿੱਸਾ ਨਹੀਂ ਲੈਣਗੇ | ਰਾਹੁਲ ਗਾਂਧੀ ਵੀ ਇਸ ਸਮੇਂ ਅਪਣੀ ਮਾਂ ਸੋਨੀਆ ਗਾਂਧੀ ਨਾਲ ਵਿਦੇਸ਼ ਵਿਚ ਹਨ ਪਰ ਉਹ ਸਨਿਚਰਵਾਰ ਤਕ ਵਾਪਸ ਆ ਜਾਣਗੇ ਅਤੇ ਦੋਵੇਂ ਵੱਡੇ ਸਮਾਗਮਾਂ ਵਿਚ ਹਿੱਸਾ ਲੈਣਗੇ | ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਦੀ ਰਹੀ ਹੈ ਅਤੇ ਕਹਿੰਦੀ ਰਹੀ ਹੈ ਕਿ ਇਹ ਆਮ ਲੋਕਾਂ ਦੇ ਮੁੱਦੇ ਹਨ ਅਤੇ ਇਨ੍ਹਾਂ 'ਤੇ ਹਰ ਮੰਚ ਉਤੇ ਚਰਚਾ ਹੋਣੀ ਚਾਹੀਦੀ ਹੈ |
ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਵੀ ਜੰਮੂ ਦੇ ਸੈਨਿਕ ਫਾਰਮ ਵਿਚ ਅਪਣੀ ਪਹਿਲੀ ਜਨਸਭਾ ਨੂੰ ਸੰਬੋਧਿਤ ਕਰਨ ਜਾ ਰਹੇ ਹਨ | ਅਪਣੇ ਅਸਤੀਫ਼ੇ ਵਿਚ ਕਾਂਗਰਸ ਲੀਡਰਸ਼ਿਪ ਦੀ ਆਲੋਚਨਾ ਕਰਨ ਵਾਲੇ ਆਜ਼ਾਦ ਐਤਵਾਰ ਨੂੰ ਅਪਣਾ ਹਮਲਾ ਹੋਰ ਤੇਜ਼ ਕਰ ਸਕਦੇ ਹਨ |
ਕਾਂਗਰਸ ਨੇ ਹਾਲਾਂਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਦੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਜਨਤਕ ਬਿਆਨਾਂ ਨੂੰ ਸੱਤਾਧਾਰੀ ਭਾਜਪਾ ਦੇ ਇਸ਼ਾਰੇ 'ਤੇ ਸ਼ੁਰੂ ਕੀਤੀ 'ਧਿਆਨ ਭਟਕਾਉਣਣ ਵਾਲੀ ਚਾਲ' ਕਰਾਰ ਦਿਤਾ ਹੈ | (ਏਜੰਸੀ)