
ਅਗੱਸਤ 'ਚ ਵਪਾਰ ਘਾਟਾ ਦੁਗਣੇ ਤੋਂ ਵੀ ਵਧ ਕੇ 28.68 ਅਰਬ ਡਾਲਰ 'ਤੇ ਪਹੁੰਚਿਆ
ਨਵੀਂ ਦਿੱਲੀ, 3 ਸਤੰਬਰ : ਦੇਸ਼ ਦਾ ਨਿਰਯਾਤ ਅਗੱਸਤ 'ਚ ਮਹਿਜ 1.15 ਫ਼ੀ ਸਦੀ ਘੱਟ ਕੇ 33 ਅਰਬ ਡਾਲਰ 'ਤੇ ਰਿਹਾ, ਜਦਕਿ ਵਪਾਰ ਘਾਟਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਕੇ 28.68 ਅਰਬ ਡਾਲਰ 'ਤੇ ਪਹੁੰਚ ਗਿਆ | ਇਹ ਜਾਣਕਾਰੀ ਵਣਜ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਹੈ | ਇਕ ਸਾਲ ਪਹਿਲਾਂ ਅਗੱਸਤ 2021 ਵਿਚ ਵਪਾਰ ਘਾਟਾ 11.71 ਅਰਬ ਡਾਲਰ ਸੀ | ਸਰਕਾਰੀ ਅੰਕੜਿਆਂ ਅਨੁਸਾਰ, ਅਗੱਸਤ 2022 ਵਿਚ ਦੇਸ਼ ਦੀ ਦਰਾਮਦ ਇਕ ਸਾਲ ਪਹਿਲਾਂ ਦੇ ਮੁਕਾਬਲੇ 'ਚ 37 ਪ੍ਰਤੀਸ਼ਤ ਵਧ ਕੇ 61.68 ਅਰਬ ਡਾਲਰ ਹੋ ਗਈ ਹੈ |
ਹਾਲਾਂਕਿ, ਵਣਜ ਸਕੱਤਰ ਬੀਵੀਆਰ ਸੁਬਰਾਮਨੀਅਮ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿਚ ਦੇਸ਼ ਦਾ ਕੁਲ ਨਿਰਯਾਤ 450 ਅਰਬ ਡਾਲਰ ਦੇ ਪਾਰ ਜਾਣ ਦੀ ਉਮੀਦ ਹੈ | ਉਨ੍ਹਾਂ ਕਿਹਾ, Tਅਸੀਂ ਇਸ ਵਿੱਤੀ ਸਾਲ ਵਿਚ ਉਤਪਾਦ ਨਿਰਯਾਤ ਵਿਚ 450 ਅਰਬ ਡਾਲਰ ਦਾ ਅੰਕੜਾ ਪਾਰ ਕਰ ਲਵਾਂਗੇ |''
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਅਗੱਸਤ ਮਿਆਦ ਦੌਰਾਨ, ਦੇਸ਼ ਦੀ ਬਰਾਮਦ 17.12 ਫ਼ੀ ਸਦੀ ਵਧ ਕੇ 192.59 ਅਰਬ ਡਾਲਰ ਹੋ ਗਈ, ਜਦੋਂ ਕਿ ਦਰਾਮਦ 45.64 ਫ਼ੀ ਸਦੀ ਵਧ ਕੇ 317.81 ਅਰਬ ਡਾਲਰ 'ਤੇ ਪਹੁੰਚ ਗਈ | ਇਸੇ ਮਿਆਦ ਦੌਰਾਨ ਦੇਸ਼ ਦਾ ਵਪਾਰ ਘਾਟਾ ਵਧ ਕੇ 125.22 ਅਰਬ ਡਾਲਰ ਹੋ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 53.78 ਅਰਬ ਡਾਲਰ ਸੀ | ਅਗੱਸਤ ਵਿਚ ਤੇਲ ਦਰਾਮਦ 86.44 ਫ਼ੀ ਸਦੀ ਵਧ ਕੇ 17.6 ਅਰਬ ਡਾਲਰ 'ਤੇ ਪਹੁੰਚ ਗਈ, ਜਦਕਿ ਸੋਨੇ ਦੀ ਦਰਾਮਦ 47.54 ਫ਼ੀ ਸਦੀ ਡਿੱਗ ਕੇ 3.51 ਅਰਬ ਡਾਲਰ 'ਤੇ ਆ ਗਈ | (ਏਜੰਸੀ)