
Punjab Vidhan Sabha Session: ਪੰਜਾਬ ਵਿਧਾਨ ਸਭਾ ਦੀ ਤੀਜੇ ਦਿਨ ਦੀ ਕਾਰਵਾਈ ਹੋਈ ਸ਼ੁਰੂ
Punjab Vidhan Sabha Session: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਤੀਜਾ ਦਿਨ ਸ਼ੁਰੂ ਹੋ ਗਿਆ ਹੈ। ਅੱਜ ਸਭ ਤੋਂ ਪਹਿਲਾਂ ਪੇਂਡੂ ਖੇਤਰ ਦੀਆਂ ਖਸਤਾਹਾਲ ਸੜਕਾਂ ਦਾ ਮੁੱਦਾ ਉਠਾਇਆ ਗਿਆ। ਇਸ ’ਤੇ ਪੰਚਾਇਤ ਮੰਤਰੀ ਗੁਰਮੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਆਰਡੀਐਫ ਫੰਡ ਜਾਰੀ ਕਰ ਦਿੱਤਾ ਜਾਵੇਗਾ ਅਤੇ ਸੜਕਾਂ ਵੀ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਜ਼ਮੀਨਾਂ ਦੇ ਇੰਤਕਾਲ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਇੰਤਕਾਲ ਲੰਬੇ ਸਮੇਂ ਤੋਂ ਅਟਕੇ ਪਏ ਹਨ ਪਰ ਪਟਵਾਰੀਆਂ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ, ਜਦੋਂ ਕਿ ਯੂ. ਪੀ., ਬਿਹਾਰ ਵਰਗੇ ਸੂਬਿਆਂ 'ਚ ਜੇਕਰ ਕੋਈ ਫ਼ਰਦ ਲੈਣੀ ਹੈ ਤਾਂ ਉਹ 10 ਰੁਪਏ 'ਚ ਮਿਲ ਜਾਂਦੀ ਹੈ ਪਰ ਸਾਡੇ ਪੰਜਾਬ 'ਚ 2 ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਵੀ ਫ਼ਰਦ ਦਾ ਲੱਗ ਜਾਂਦਾ ਹੈ। ਵਿਧਾਇਕ ਨੇ ਕਿਹਾ ਕਿ ਪਟਵਾਰੀਆਂ ਦੇ ਕੰਨ ਖਿੱਚਣੇ ਪੈਣਗੇ ਤਾਂ ਜੋ ਲੋਕਾਂ ਨੂੰ ਇੰਤਕਾਲਾਂ ਲਈ ਲਟਕਣਾ ਨਾ ਪਵੇ।
ਇਸ 'ਤੇ ਮਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ ਕਿਹਾ ਕਿ ਸਰਕਾਰ ਨੇ ਦੋ ਰੋਜ਼ਾ ਵਿਸ਼ੇਸ਼ ਕੈਂਪ ਲਗਾ ਕੇ 85 ਹਜ਼ਾਰ ਇੰਤਕਾਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਪਠਾਣਮਾਜਰਾ ਦੀ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਵਿਅਕਤੀ ਨੂੰ ਇੰਤਕਾਲ ਨੂੰ ਲੈ ਕੇ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਿੰਨੀਆਂ ਪੰਜਾਬ 'ਚ ਇੰਤਕਾਲਾਂ ਦੀਆਂ ਪੈਂਡੈਂਸੀਆਂ ਪਈਆਂ ਹਨ, ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਦੇ ਇੰਤਕਾਲ ਦਰਜ ਹੋਣਗੇ।
ਸਾਰੇ ਹਸਪਤਾਲਾਂ ਵਿੱਚ ਪੂਰੇ ਹੋਣਗੇ ਫਾਇਰ ਸੇਫਟੀ ਮੈਂਬਰ
ਰਾਜਿੰਦਰਾ ਹਸਪਤਾਲ ਵਿੱਚ ਟਾਰਚ ਲਾਈਟ ਦੀ ਵਰਤੋਂ ਕਰਕੇ ਆਪਰੇਸ਼ਨ ਕਰਨ ਦਾ ਮੁੱਦਾ ਵੀ ਸਦਨ ਵਿੱਚ ਉਠਾਇਆ ਗਿਆ। ਇਸ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਦਿਨ ਭਰ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਪਰ ਇਸਨੂੰ 24 ਘੰਟਿਆਂ ਦੇ ਅੰਦਰ ਬਹਾਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਿਜਲੀ ਲਾਈਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਦੱਸਿਆ ਕਿ ਪੀਜੀਆਈ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਫਾਇਰ ਆਡਿਟ ਕਰਵਾਇਆ ਜਾ ਰਿਹਾ ਹੈ। ਸਾਰੇ ਹਸਪਤਾਲਾਂ ਵਿੱਚ ਫਾਇਰ ਸੇਫਟੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮੁਹੱਲਾ ਕਲੀਨਿਕ ਵੀ ਵਧੀਆਂ ਚੱਲ ਰਹੇ ਹਨ। ਦੋ ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਕੁਝ ਨਵੇਂ ਕੋਰਸ ਸ਼ੁਰੂ ਹੋਣ ਜਾ ਰਹੇ ਹਨ।