
ਰਾਹੁਲ ਦੇ ਦੌਰੇ ਦੌਰਾਨ ਨਵਜੋਤ ਸਿੱਧੂ, ਪ੍ਰਤਾਪ ਬਾਜਵਾ ਤੇ ਦੂਲੋ ਹੋਰਾਂ ਦੇ ਪੁੱਜਣ ਦੀ ਉਮੀਦ
ਬਠਿੰਡਾ (ਸੁਖਜਿੰਦਰ ਮਾਨ) : ਕਰੀਬ ਸਾਢੇ ਤਿੰਨ ਸਾਲ ਪਹਿਲਾਂ ਸੂਬੇ ਦੀ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਲੰਮੇ ਸਮੇਂ ਬਾਅਦ ਅੱਜ ਰਾਹੁਲ ਗਾਂਧੀ ਦੀ ਆਮਦ ਮੌਕੇ ਇਕਜੁਟਤਾ ਦਾ ਪ੍ਰਦਰਸ਼ਨ ਕਰੇਗੀ। ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਵਿਰੋਧ 'ਚ ਭਾਂਬੜ ਬਣ ਮੱਚ ਰਹੇ ਕਿਸਾਨਾਂ ਨਾਲ ਹਮਦਰਦੀ ਜਤਾਉਣ ਆ ਰਹੇ ਰਾਹੁਲ ਵਲੋਂ ਪੰਜਾਬ ਵਿਚ ਤਿੰਨ ਦਿਨ ਟਰੈਕਟਰ ਮਾਰਚ ਕਢਿਆ ਜਾ ਰਿਹਾ ਹੈ।
Captain Amarinder Singh
ਇਸ ਮਾਰਚ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਿਛਲੇ ਡੇਢ ਸਾਲ ਤੋਂ 'ਮੌਨ' ਧਾਰੀ ਬੈਠੇ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਤੋਂ ਇਲਾਵਾ ਬਾਗ਼ੀ ਤੇਵਰ ਦਿਖਾਉਣ ਵਾਲੇ ਦੋ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸੇਰ ਸਿੰਘ ਦੂਲੋ ਵੀ ਵੇਖੇ ਜਾ ਸਕਦੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਗਾਂਧੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਹੁਲ ਉਨ੍ਹਾਂ ਦੀ ਪਾਰਟੀ ਦੇ ਕੌਮੀ ਲੀਡਰ ਹਨ,
Harish Rawat
ਜਿਸਦੇ ਚਲਦੇ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਉਨ੍ਹਾਂ ਦੀ ਆਮਦ ਮੌਕੇ ਹਾਜ਼ਰ ਰਹਿਣ। ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ਬੀਤੇ ਕੱਲ ਇਸ ਸਬੰਧ ਵਿਚ ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਬਕਾਇਦਾ ਫ਼ੋਨ ਵੀ ਆਇਆ ਸੀ। ਸੰਸਦ ਮੈਂਬਰ ਨੇ ਕਿਹਾ ਕਿ ਰਾਜ ਸਭਾ ਵਿਚ ਇਸ ਬਿਲ ਦਾ ਵਿਰੋਧ ਕਰਨ ਤੋਂ ਇਲਾਵਾ ਉਨ੍ਹਾਂ ਵਲੋਂ ਰਾਹੁਲ ਗਾਂਧੀ ਨੂੰ ਪੰਜਾਬ ਆ ਕੇ ਕਿਸਾਨਾਂ ਨਾਲ ਹਮਦਰਦੀ ਤੇ ਇਕਜੁਟਤਾ ਪ੍ਰਗਟਾਉਣ ਦਾ ਸੁਝਾਅ ਦਿਤਾ ਸੀ।
Rahul Gandhi Tractor Rally will be delayed one day
ਉਧਰ ਸ਼ਮਸੇਰ ਸਿੰਘ ਦੂਲੋ ਨੇ ਰਾਹੁਲ ਗਾਂਧੀ ਦੀ ਆਮਦ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਦਾ ਮਿਲਦਾ ਹੈ ਤਾਂ ਉਹ ਜ਼ਰੂਰ ਇਸ ਪ੍ਰੋਗਰਾਮ ਵਿਚ ਸਮੂਲੀਅਤ ਕਰਨਗੇ। ਦਸਣਾ ਬਣਦਾ ਹੈ ਕਿ ਹਰੀਸ਼ ਰਾਵਤ ਵਲੋਂ ਜਿਥੇ ਅਪਣੇ ਅੰਮ੍ਰਿਤਸਰ ਦੌਰੇ ਦੌਰਾਨ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਭਵਿੱਖ ਦਸਿਆ ਸੀ, ਉਥੇ ਉਨ੍ਹਾਂ ਵਲੋਂ ਬਕਾਇਦਾ ਪਰਸੋਂ ਰਾਤ ਖਾਣੇ 'ਤੇ ਸਿੱਧੂ ਦੇ ਘਰ ਪੁੱਜ ਕੇ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿਚ ਸਮੂਲੀਅਤ ਕਰਨ ਦਾ ਸੱਦਾ ਦਿਤਾ ਸੀ।
Navjot Sidhu
ਜਿਸਤੋਂ ਬਾਅਦ ਸਿੱਧੂ ਵਲੋਂ ਰਾਹੁਲ ਦੇ ਦੌਰੇ ਦੌਰਾਨ ਹਾਜ਼ਰ ਰਹਿਣ ਦੀ ਹਾਮੀ ਭਰੀ ਹੈ। ਗੌਰਤਲਬ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਤੁਰਤ ਬਾਅਦ ਜਿਸ ਤਰ੍ਹਾਂ ਨਵਜੋਤ ਸਿੱਧੂ ਨੂੰ ਜਲੀਲ ਕਰ ਕੇ ਉਨ੍ਹਾਂ ਦਾ ਮਹਿਕਮਾ ਬਦਲਿਆਂ ਗਿਆ ਸੀ ਤੇ ਜਿਸਦੇ ਚੱਲਦੇ ਉਨ੍ਹਾਂ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸਤੋਂ ਬਾਅਦ ਸਿੱਧੂ ਨੇ ਰਹੱਸਮਈ ਤਰੀਕੇ ਨਾਲ ਚੁੱਪੀ ਧਾਰਨ ਕੀਤੀ ਹੋਈ ਹੈ ਤੇ ਉਹ ਪਿਛਲੇ ਦਿਨੀਂ ਸਿਰਫ਼ ਦੋ ਵਾਰ ਕਿਸਾਨਾਂ ਦੇ ਪ੍ਰੋਗਰਾਮ ਵਿਚ ਸਮੂਲੀਅਤ ਕਰਨ ਪੁੱਜੇ ਸਨ
Rahul Gandhi
ਪ੍ਰੰਤੂ ਇਸ ਦੌਰਾਨ ਵੀ ਉਨ੍ਹਾਂ ਮੁੱਖ ਮੰਤਰੀ ਜਾਂ ਕਾਂਗਰਸ ਸਰਕਾਰ ਦਾ ਇਕ ਵਾਰ ਵੀ ਜ਼ਿਕਰ ਨਹੀਂ ਕੀਤਾ ਸੀ। ਜਿਸ ਕਾਰਨ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਕੈਪਟਨ ਤੇ ਸਿੱਧੂ ਵਿਚਕਾਰ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਕੁੜੱਤਣ ਕੀ ਮਾਹੌਲ ਸਿਰਜਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਸ਼੍ਰੀ ਗਾਂਧੀ 4 ਅਕਤੂਬਰ ਅੱਜ ਤੋਂ ਬੱਧਨੀ ਕਲਾਂ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ।
Rahul Gandhi
ਜਿਸਤੋਂ ਬਾਅਦ ਪੰਜ ਅਕਤੂਬਰ ਨੂੰ ਉਹ ਇਹ ਮਾਰਚ ਸੰਗਰੂਰ ਤੋਂ ਸ਼ੁਰੂ ਕਰ ਕੇ ਹਲਕਾ ਸਨੌਰ ਵਿਚ ਸਮਾਪਤ ਕਰਨਗੇ। ਇਸਤੋਂ ਬਾਅਦ ਉਹ ਛੇ ਅਕਤੂਬਰ ਨੂੰ ਉਹ ਪਟਿਆਲਾ ਤੋਂ ਪਾਤੜਾਂ ਤਕ ਟਰੈਕਟਰ ਮਾਰਚ ਕਰਦੇ ਹੋਏ ਹਰਿਆਣਾ ਦੇ ਕੈਥਲ ਵਿਚ ਦਾਖ਼ਲ ਹੋਣਗੇ। ਉਂਜ ਹਰਿਆਣਾ ਸਰਕਾਰ ਦੇ ਇਕ ਮੰਤਰੀ ਵਲੋਂ ਦਿਤੇ ਬਿਆਨ ਤੋਂ ਬਾਅਦ ਇਥੇ ਸਥਿਤੀ ਟਕਰਾਅ ਵਾਲੀ ਬਣਨ ਦੀ ਸੰਭਾਵਨਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਟਰੈਕਟਰ ਮਾਰਚ ਦੌਰਾਨ ਰਾਹੁਲ ਗਾਂਧੀ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ ਤੇ ਰਾਸਤੇ ਵਿਚ ਪੈਂਦੇ ਕੁੱਝ ਖ਼ਰੀਦ ਕੇਂਦਰਾਂ ਉਪਰ ਜ਼ਮੀਨੀ ਸਥਿਤੀ ਦਾ ਪਤਾ ਵੀ ਲਗਾਉਣਗੇ।
Dinkar Gupta
ਸ਼੍ਰੀ ਗਾਂਧੀ ਦੇ ਦੌਰੇ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਵਲੋਂ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸੁਰੱਖਿਆ ਲਈ ਖੁਦ ਡੀਜੀਪੀ ਦਿਨਕਰ ਗੁਪਤਾ ਵਲੋਂ ਸੰਭਾਵੀ ਰੂਟਾਂ ਦਾ ਮੁਆਇੰਨਾ ਕੀਤਾ ਗਿਆ ਹੈ ਤੇ ਨਾਲ ਹੀ ਮਾਰਚ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਾਰਟੀ ਵਲੋਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।