
ਨਵਜੋਤ ਸਿੱਧੂ ਨੇ ਸਰਕਾਰ ਨੂੰ ਕਾਤਲ ਦੱਸਦਿਆਂ ਕਾਤਲ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ
ਚੰਡੀਗੜ੍ਹ - ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਤੋਂ ਬਾਅਦ ਇਸ ਸਮੇਂ ਪੂਰੀ ਯੂਪੀ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਲਖੀਮਪੁਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਨਵਜੋਤ ਸਿੱਧੂ ਨੇ ਵੀ ਅਪਣੇ ਕਾਫ਼ਲੇ ਸਮੇਤ ਪੰਜਾਬ ਗਵਰਨਰ ਹਾਊਸ ਦੇ ਬਾਹਰ ਧਰਨਾ ਲਗਾਇਆ ਸੀ ਤੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਧਰਨੇ ਦੌਰਾਨ ਉਹਨਾਂ ਨੇ ਮਨੋਹਰ ਲਾਲ ਖੱਟਰ ਦੇ ਡਾਂਗਾ ਵਾਲੇ ਬਿਆਨ 'ਤੇ ਰੱਜ ਕੇ ਖੱਟਰ ਨੂੰ ਲਾਹਨਤਾਂ ਪਾਈਆਂ।
ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ 'ਤੇ ਇਹ ਤਸ਼ੱਦਦ ਕੀਤਾ ਅਪਣੇ ਹੰਕਾਰ ਵਿਚ ਕਿਸਾਨਾਂ ਨੂੰ ਕੁਚਲਿਆ ਉਹਨਾਂ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਖੱਟੜ ਨੇ ਜੋ ਅੰਨਦਾਤਾ ਦੇ ਖਿਲਾਫ਼ ਬਿਆਨ ਦਿੱਤਾ ਹੈ ਉਹ ਅਪਣੇ ਹੰਕਾਰ ਵਿਚ ਦਿੱਤੀ ਹੈ ਤੇ ਹੰਕਾਰ ਦਾ ਪਤਨ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ। ਨਵਜੋਤ ਸਿੱਧੂ ਨੇ ਖੱਟਰ ਖਿਲਾਫ਼ ਰਾਸ਼ਟਰਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ।
ਨਵਜੋਤ ਸਿੱਧੂ ਨੇ ਸਰਕਾਰ ਨੂੰ ਕਾਤਲ ਦੱਸਦਿਆਂ ਕਾਤਲ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਉਹਨਾਂ ਕਿਹਾ ਕਿ ਜਿਵੇਂ ਜੇ ਦੁੱਧ ਨੂੰ ਭੱਠੀ 'ਤੇ ਰੱਖ ਦਿਓ ਤਾਂ ਉਸ ਦਾ ਉਬਲਣਾ ਨਿਸ਼ਚਿਤ ਹੁੰਦਾ ਹੈ ਉਵੇਂ ਹੀ ਜੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਵਿਚ ਰੋਸ ਤੇ ਆਕਰੋਸ਼ ਆ ਜਾਵੇ ਤਾਂ ਸੈਂਟਰ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸ਼ਚਿਤ ਹੈ। ਉਹਨਾਂ ਕਿਹਾ ਜਦ ਤੱਕ ਸਾਡੀਆਂ ਰਗਾਂ 'ਚ ਖੂਨ ਹੈ ਉਦੋਂ ਤੱਕ ਅਸੀਂ ਪੰਜਾਬ ਵਿਚ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ।