
ਮਾਲ ਵਿਭਾਗ ਦੇ ਪਟਵਾਰੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ : ਅਰੁਣਾ ਚੌਧਰੀ
ਸਾਹਨੇਵਾਲ, 3 ਅਕਤੂਬਰ (ਜੀਵਨ ਕੁਮਾਰ) : ਮਾਲ ਵਿਭਾਗ ਦੇ ਪਟਵਾਰੀ ਅਪਣੇ-ਅਪਣੇ ਦਫ਼ਤਰ ’ਚ ਹਾਜ਼ਰ ਰਹਿ ਕੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਕਰਨ ਤਾਂ ਜੋ ਲੋਕਾਂ ਨੂੰ ਅਪਣੇ ਇੰਤਕਾਲ ਅਤੇ ਗਰਦਾਵਰੀਆਂ ਕਰਵਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਮਾਲ ਵਿਭਾਗ ਦੇ ਅਧਿਕਾਰੀ ਪਟਵਾਰੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਸਮੇਂ ਸਮੇਂ ’ਤੇ ਚੈੱਕ ਕਰਨ ਅਤੇ ਮਾਲ ਵਿਭਾਗ ਦੇ ਕੰਮ ਵਿਚ ਤੇਜ਼ੀ ਲਿਆਉਣ। ਕਿਸੇ ਵੀ ਤਰ੍ਹਾਂ ਨਾਲ ਮਾਲ ਵਿਭਾਗ ਵਿਚ ਲੋਕਾਂ ਦੇ ਕੰਮ ਪੈਂਡਿੰਗ ਨਹੀਂ ਰਹਿਣੇ ਚਾਹੀਦੇ ਅਤੇ ਲੋਕਾਂ ਦੀ ਕਿਸੇ ਪ੍ਰਕਾਰ ਦੀ ਸ਼ਿਕਾਇਤ ਸੁਣਨ ਵਿਚ ਨਾ ਆਵੇ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੀ ਮਾਲ ਵਿਭਾਗ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਅੱਜ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੇ ‘ਧੀ ਪੰਜਾਬ ਦੀ’ ਸੰਸਥਾ ਵਲੋਂ ਕਰਵਾਏ ਧੀਆਂ ਦਾ ਸਨਮਾਨ ਸਮਾਰੋਹ ਵਿਚ ਪਹੁੰਚਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਸ਼੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਮਾਲ ਵਿਭਾਗ ਵਿਚ ਕਿਸੇ ਵੀ ਤਰ੍ਹਾਂ ਦਾ ਭਿ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ 700 ਪਟਵਾਰੀਆਂ ਦੀ ਹੋਰ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪ੍ਰਵਾਰਾਂ ਨੂੰ ਨੌਕਰੀ ਦੇਣ ਦੀ ਵਚਨਬਧਤਾ ਵੀ ਦੁਹਰਾਈ। ਅਰੁਣਾ ਚੌਧਰੀ ਨੇ ਸਨਮਾਨ ਸਮਾਰੋਹ ਵਿਚ ਸ਼ਾਮਲ ਧੀਆਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗ਼ਰੀਬ ਪ੍ਰਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਨਾਲ ਸਬੰਧਤ ਸ਼ਗਨ ਸਕੀਮ ਨੂੰ ਵਧਾ ਕੇ 51 ਹਜ਼ਾਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਕੂਲ ਦੀਆਂ ਸਪੋਰਟਸ ਲੜਕੀਆਂ ਨਾਲ ਮਿਲ ਕੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਅਤੇ ਹਾਕੀ ਅਕੈਡਮੀ ਵਾਸਤੇ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਕੂਲ ਦਾ ਸਟਾਫ਼ ਤੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਸ਼ਾਮਲ ਹੋਏ।
L48_Jivan Kumar_03_02