
ਦਮਦਮਾ ਸਾਹਿਬ ਵਿਖੇ ਕਰਵਾਈ ਦੋ ਦਿਨਾਂ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫ਼ਰੰਸ ਸਮਾਪਤ
ਅਪਣੇ ਮੌਲਿਕ ਇਤਿਹਾਸਕ ਸਰੋਤਾਂ ਨੂੰ ਖ਼ਤਮ ਕਰ ਕੇ ਕੋਈ ਵੀ ਕੌਮ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਦੀ : ਜਥੇਦਾਰ
ਤਲਵੰਡੀ ਸਾਬੋ, 3 ਅਕਤੂਬਰ (ਸਨੀ ਗੋਇਲ) : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵਲੋਂ ਕਰਵਾਈ ਗਈ ਦੋ ਦਿਨਾਂ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫ਼ਰੰਸ ਅੱਜ ਸਿੱਖ ਕੌਮ ਦੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਅਪਣੇ ਇਤਿਹਾਸ ਦੇ ਮੌਲਿਕ ਸਰੋਤਾਂ ਦੀਆਂ ਨਵੀਆਂ ਅੰਤਰ ਦਿ੍ਰਸ਼ਟੀਆਂ ਨਾਲ ਵਿਸ਼ਵ ਪ੍ਰਸੰਗ ਵਿਚ ਵਿਆਖਿਆ ਕਰਨ ਦਾ ਸੱਦਾ ਦਿੰਦਿਆਂ ਸਮਾਪਤ ਹੋ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਧਰਤੀ ’ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਰਵਾਈ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫ਼ਰੰਸ ਦੇ ਦੂਜੇ ਤੇ ਅੰਤਮ ਦਿਨ ਅਪਣੇ ਸੰਬੋਧਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਪਣੇ ਮੌਲਿਕ ਇਤਿਹਾਸਕ ਸਰੋਤਾਂ ਨੂੰ ਖ਼ਤਮ ਕਰ ਕੇ ਕੋਈ ਵੀ ਕੌਮ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਅਪਣੇ ਪੁਰਾਤਨ ਤੇ ਮੁਢਲੇ ਮੌਲਿਕ ਸਰੋਤਾਂ ’ਤੇ ਸ਼ੰਕੇ ਤੇ ਵਿਵਾਦ ਖੜੇ ਕਰਨ ਦੀ ਬਜਾਏ, ਉਨ੍ਹਾਂ ਦੀਆਂ ਵਿਆਖਿਆ ਪ੍ਰਣਾਲੀਆਂ ਨੂੰ ਸਮਝ ਕੇ ਨਵੀਆਂ ਅੰਤਰ ਦਿ੍ਰਸ਼ਟੀਆਂ ਨਾਲ ਅਜੋਕੇ ਵਿਸ਼ਵ ਪ੍ਰਸੰਗਾਂ ਵਿਚ ਉਨ੍ਹਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕਿਸੇ ਕੌਮ ਅਤੇ ਫਲਸਫੇ ਨੂੰ ਅੱਜ ਤੋਪਾਂ, ਟੈਂਕਾਂ ਨਾਲ ਖ਼ਤਮ ਨਹੀਂ ਕੀਤਾ ਜਾਂਦਾ ਬਲਕਿ ਉਸ ਕੌਮ ਦੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਖ਼ਤਮ ਕੀਤਾ ਜਾਂਦਾ ਹੈ। ਉਨ੍ਹਾਂ ਸਿੱਖਾਂ ਦੇ ਮੁਢਲੇ ਇਤਿਹਾਸਕ ਸਰੋਤਾਂ ਨੂੰ ਮੌਲਿਕ ਰੂਪ ਵਿਚ ਸੁਰੱਖਿਅਤ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਅੱਜ ਸਮੇਂ ਦੇ ਮੁਤਾਬਕ ਅਪਣੇ ਸਰੋਤਾਂ ਨੂੰ ਡਿਜੀਟਲ ਕਰਨਾ ਸਭ ਤੋਂ ਤਰਜੀਹੀ ਕਾਰਜ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਇਤਿਹਾਸਕ ਸਰੋਤਾਂ ਵਿਚ ਕੁਝ ਗੱਲਾਂ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ, ਪਰ ਉਨ੍ਹਾਂ ਲਿਖਤਾਂ ਦੀ ਮੌਲਿਕਤਾ ਬਹਾਲ ਰੱਖਣ ਲਈ ਉਨ੍ਹਾਂ ਗ਼ੈਰ ਸਿਧਾਂਤਕ ਗੱਲਾਂ ਨੂੰ ਬਾਹਰ ਕੱਢਣ ਦੀ ਬਜਾਇ ਸੰਵਾਦ ਰਾਹੀਂ ਉਨ੍ਹਾਂ ਦੇ ਖੰਡਨ ਦੀ ਰੀਤ ਪ੍ਰਫੁੱਲਤ ਕਰਨ ਦੀ ਲੋੜ ਹੈ।
ਇਸ ਮੌਕੇ ਡਾ. ਮੁਹੱਬਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਜਸਵੀਰ ਸਿੰਘ ਸਰਨਾ ਜੰਮੂ ਕਸ਼ਮੀਰ ਅਤੇ ਡਾ. ਗੁਰਦੀਪ ਕੌਰ ਦੇ ਖੋਜ ਪਰਚੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇਸ ਮੌਕੇ ਕੈਪਟਨ ਸਵਰਨ ਸਿੰਘ ਚੂਸਲੇਵਾੜ ਨੂੰ ਸਨਮਾਨਤ ਵੀ ਕੀਤਾ ਗਿਆ।