
ਅਜਿਹੀ ਸਹੂਲਤ ਵਾਲਾ ਪੰਜਾਬ ਬਣਿਆ ਪਹਿਲਾ ਸੂਬਾ
ਆਪਣੇ ਜੀਵਨ ਸਾਥੀ ਨਾਲ ਇੱਕ ਘੰਟਾ ਰਹਿ ਸਕਦੇ ਹਨ ਕੈਦੀ
ਲੁਧਿਆਣਾ : ਲੁਧਿਆਣਾ ਜੇਲ੍ਹ ਵਿੱਚ ਮੰਗਲਵਾਰ ਤੋਂ ਵਿਆਹੁਤਾ ਵਿਜ਼ਿਟ ਰੂਮ ਸ਼ੁਰੂ ਕੀਤਾ ਗਿਆ ਸੀ। ਜੇਲ੍ਹ ਵਿੱਚ ਬੰਦ ਕੈਦੀ ਇਸ ਕਮਰੇ ਵਿੱਚ ਆਪਣੇ ਜੀਵਨ ਸਾਥੀ ਨਾਲ ਕੁਝ ਸਮਾਂ ਬਿਤਾ ਸਕਣਗੇ। ਜੇਲ੍ਹ ਵਿਭਾਗ ਨੇ ਵਿਆਹੁਤਾ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖੁਸ਼ ਕਰਨ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ। ਜੇਲ੍ਹ ਵਿਭਾਗ ਅਨੁਸਾਰ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਅਜਿਹੀ ਸਹੂਲਤ ਸ਼ੁਰੂ ਹੋਈ ਹੈ।
ਜੇਲ੍ਹ ਪ੍ਰਸ਼ਾਸਨ ਦੀ ਨਵੀਂ ਸਕੀਮ ਤਹਿਤ ਕੈਦੀ ਆਪਣੇ ਜੀਵਨ ਸਾਥੀ ਨਾਲ ਇਕ ਘੰਟੇ ਦੀ ਮੁਲਾਕਾਤ ਲਈ ਕਮਰੇ ਵਿਚ ਰਹਿ ਸਕਣਗੇ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਇਹ ਸਹੂਲਤ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਵੇਗੀ ਜੋ ਜੇਲ੍ਹ ਵਿੱਚ ਚੰਗਾ ਆਚਰਣ ਰੱਖਣਗੇ। ਜੇਲ੍ਹ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਵਾਲੇ ਕੈਦੀਆਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ।
ਜੇਲ੍ਹ ਸੁਪਰਡੈਂਟ ਨੰਦਗੜ੍ਹ ਅਨੁਸਾਰ ਚੰਗੇ ਆਚਰਣ ਵਾਲੇ ਕੈਦੀ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਇਸ ਕਮਰੇ ਵਿੱਚ ਆਪਣੀ ਪਤਨੀ ਨਾਲ ਇੱਕ ਘੰਟਾ ਠਹਿਰ ਸਕਣਗੇ। ਮੰਗਲਵਾਰ ਨੂੰ ਪਹਿਲੇ ਹੀ ਦਿਨ ਚਾਰ ਕੈਦੀਆਂ ਨੇ ਇਸ ਸਕੀਮ ਦਾ ਲਾਭ ਲਿਆ। ਇਸ ਤੋਂ ਇਲਾਵਾ ਕੱਟੜ ਅਪਰਾਧੀ, ਗੈਂਗਸਟਰ ਅਤੇ ਹਾਈ-ਪ੍ਰੋਫਾਈਲ ਅਪਰਾਧਾਂ ਵਾਲੇ ਕੈਦੀ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ। ਆਪਣੇ ਜੀਵਨ ਸਾਥੀ ਨੂੰ ਮਿਲਣ ਦੇ ਚਾਹਵਾਨ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਦੀ ਤਰਫੋਂ ਫਾਰਮ ਭਰਨਾ ਪਵੇਗਾ। ਅਰਜ਼ੀ ਦੀ ਤਸਦੀਕ ਅਤੇ ਪ੍ਰਵਾਨਗੀ ਤੋਂ ਬਾਅਦ ਹੀ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ।
ਆਪਣੇ ਜੀਵਨ ਸਾਥੀ ਨੂੰ ਮਿਲਣ ਦੇ ਚਾਹਵਾਨ ਕੈਦੀਆਂ ਦਾ ਮੈਡੀਕਲ ਹੋਵੇਗਾ ਅਤੇ ਇਹ ਟੈਸਟ ਜੇਲ੍ਹ ਦੇ ਮੈਡੀਕਲ ਸਟਾਫ ਦੁਆਰਾ ਕੀਤੇ ਜਾਣਗੇ ਜਿਨ੍ਹਾਂ ਵਿੱਚ ਐੱਚਆਈਵੀ ਸਮੇਤ ਹੋਰ ਟੈਸਟ ਕੀਤੇ ਜਾਣਗੇ। ਜੇਕਰ ਕਿਸੇ ਦਾ ਟੈਸਟ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਨਹੀਂ ਮੁਲਾਕਾਤ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣਾ ਹੈ ਕਿਉਂਕਿ ਪਰਿਵਾਰ ਉਨ੍ਹਾਂ ਦੇ ਆਚਰਣ ਅਤੇ ਮਾਨਸਿਕ ਤੰਦਰੁਸਤੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।