
ਸਾਲ 2016 ਵਿੱਚ ਸੁਪਰੀਮ ਕੋਰਟ ਨੇ ਇਹ ਤੈਅ ਕਰ ਦਿੱਤਾ ਸੀ ਕਿ ਨੈਸ਼ਨਲ ਹਾਈਵੇ ਦੀ ਹੱਦ ਤੋਂ 500 ਮੀਟਰ ਅੰਦਰ ਤੱਕ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ।
ਚੰਡੀਗੜ੍ਹ: ਹੁਸ਼ਿਆਰਪੁਰ ਜਿਲ੍ਹੇ ਵਿਚ ਸੁਪਰੀਮ ਕੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਥੇ ਹਿਮਾਚਲ ਦੇ ਨਾਲ ਲੱਗਦੇ ਦੋ ਪ੍ਰਮੁੱਖ ਬਾਰਡਰਾਂ ਉੱਪਰ ਸ਼ਰਾਬ ਦੇ ਠੇਕੇ ਖੁੱਲੇ ਹੋਏ ਹਨ। ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਸੁਪਰੀਮ ਕੋਰਟ ਨੇ ਹੁਕਮ ਸੁਣਾਇਆ ਸੀ। ਇਹ ਆਦੇਸ਼ ਹਰਮਨ ਸਿੰਘ ਸਿੱਧੂ ਦੀ ਰਿਟ ਪਟੀਸ਼ਨ ਉੱਪਰ ਆਇਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਹਾਦਸਿਆਂ ਦੀ ਸਭ ਤੋਂ ਵੱਡੀ ਵਜ੍ਹਾ ਸ਼ਰਾਬ ਦੀ ਅਸਾਨ ਉਪਲਬਧਤਾ ਹੈ, ਇੱਕ ਉਦਾਹਰਣ ਦਿੰਦਿਆ ਉਨ੍ਹਾਂ ਦੱਸਿਆ ਕਿ ਪਾਣੀਪਤ ਤੋਂ ਜਲੰਧਰ ਦੀ ਦੂਰੀ 291 ਕਿਲੋਮੀਟਰ ਹੈ ਤੇ 185 ਠੇਕੇ ਇਸ ਰੋਡ ’ਤੇ ਮੌਜੂਦ ਸਨ, ਰੇਸ਼ੋ ਦੇ ਮੁਤਾਬਿਕ ਹਰ ਡੇਢ ਕਿਲੋਮੀਟਰ ’ਤੇ ਇਕ ਠੇਕਾ ਬਣਦਾ ਜੇਕਰ ਸਪੀਡ ਦੀ ਗੱਲ ਕੀਤੀ ਜਾਵੇ ਤਾਂ 90 ਦੀ ਸਪੀਡ ਦੇ ਹਿਸਾਬ ਨਾਲ ਹਰ ਇੱਕ ਮਿੰਟ ਬਾਅਦ ਸ਼ਰਾਬ ਦਾ ਠੇਕਾ ਆ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਮਾਰਚ 2012 ਵਿੱਚ ਉਨ੍ਹਾਂ ਹਾਈਕੋਰਟ ਦੇ ਵਿੱਚ ਰਿੱਟ ਕੀਤੀ ਸੀ ਜਿਸ ਉੱਪਰ 2014 ਵਿੱਚ ਹਾਈਕੋਰਟ ਨੇ ਸ਼ਰਾਬ ਦੇ ਠੇਕਿਆਂ ਉੱਪਰ ਬੈਨ ਲਗਾ ਦਿਤਾ ਸੀ ਜਿਸ ਨੂੰ ਪੰਜਾਬ ਤੇ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਸੀ, ਜਿਸ ’ਤੇ ਸਾਲ 2016 ਵਿੱਚ ਸੁਪਰੀਮ ਕੋਰਟ ਨੇ ਇਹ ਤੈਅ ਕਰ ਦਿੱਤਾ ਸੀ ਕਿ ਨੈਸ਼ਨਲ ਹਾਈਵੇ ਦੀ ਹੱਦ ਤੋਂ 500 ਮੀਟਰ ਅੰਦਰ ਤੱਕ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ। ਅਜਿਹੇ 'ਚ ਹੁਸ਼ਿਆਰਪੁਰ ਜਿਲ੍ਹੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਪਰ ਸੁਪਰੀਮ ਕੋਰਟ ਦੇ ਨਿਯਮਾਂ ਨੂੰ ਅਮਲ ਵਿੱਚ ਲਿਆਉਣ ਲਈ ਹਰਮਨ ਸਿੰਘ ਸਿੱਧੂ ਡੱਟ ਕੇ ਲੜ ਰਿਹਾ ਹੈ। ਸੜਕ ਹਾਦਸੇ ਵਿਚ ਆਪਣਾ ਸਰੀਰ ਗਵਾਉਣ ਤੋਂ ਬਾਅਦ ਵੀ ਹਰਮਨ ਸਿੰਘ ਸਿੱਧੂ ਹਰ ਰੋਜ਼ ਸੜਕ ਹਾਦਸਿਆਂ ਵਿੱਚ ਮਰ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ।