
ਸੋਨੂੰ ਨੂੰ ਤਿੰਨ ਸਾਲ ਦੀ ਕੈਦ, ਜੁਰਮਾਨੇ ਦੀ ਅਦਾਇਗੀ ਨਾ ਕਰਨ 'ਤੇ ਵਧੇਗੀ ਸਜ਼ਾ
Lawrence Bishnoi and four other accused acquitted Arms Act case : ਇਕ ਹਾਈ-ਪ੍ਰੋਫ਼ਾਈਲ ਆਰਮਜ਼ ਐਕਟ ਮਾਮਲੇ ਵਿਚ, ਮੋਹਾਲੀ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ ਅਤੇ ਵਿਕਰਮ ਸਿੰਘ ਉਰਫ਼ ਵਿੱਕੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ। ਇਸ ਨਾਲ ਹੀ ਸੋਨੂੰ ਨਾਂ ਦੇ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ, ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਸੁਣਾਇਆ।
ਅਦਾਲਤ ਨੇ ਕਿਹਾ ਕਿ ਜੇਕਰ ਸੋਨੂੰ ਜੁਰਮਾਨਾ ਅਦਾ ਕਰਨ ਵਿਚ ਅਸਫ਼ਲ ਰਹਿੰਦਾ ਹੈ, ਤਾਂ ਉਸ ਦੀ ਸਜ਼ਾ ਇਕ ਮਹੀਨੇ ਲਈ ਵਧਾ ਦਿਤੀ ਜਾਵੇਗੀ। ਇਹ ਕੇਸ 2022 ਵਿਚ ਮੋਹਾਲੀ ਦੇ ਸੋਹਾਣਾ ਪੁਲਿਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਅਦਾਲਤ ਦੀ ਸੁਣਵਾਈ ਦੌਰਾਨ, ਇਸਤਗਾਸਾ ਪੱਖ ਚਾਰ ਮੁਲਜ਼ਮਾਂ ਵਿਰੁਧ ਦੋਸ਼ ਸਾਬਤ ਕਰਨ ਵਿਚ ਅਸਫ਼ਲ ਰਿਹਾ, ਜਦੋਂ ਕਿ ਸੋਨੂੰ ਦੇ ਮਾਮਲੇ ਵਿਚ ਲੋੜੀਂਦੇ ਸਬੂਤ ਪੇਸ਼ ਕੀਤੇ ਗਏ ਸਨ। ਲਾਰੈਂਸ ਬਿਸ਼ਨੋਈ ਦੀ ਨੁਮਾਇੰਦਗੀ ਕਰ ਰਹੇ ਵਕੀਲ ਕਰਨ ਸੌਫਤ ਨੇ ਦਲੀਲ ਦਿਤੀ ਕਿ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਅਦਾਲਤ ਵਿਚ ਅਪਣੀ ਗਵਾਹੀ ਪੂਰੀ ਕਰਨ ਵਿਚ ਅਸਮਰੱਥ ਸੀ ਅਤੇ ਇਸ ਲਈ, ਉਸ ਦੀ ਅੰਸ਼ਕ ਗਵਾਹੀ ਸਬੂਤ ਵਜੋਂ ਸਵੀਕਾਰਯੋਗ ਨਹੀਂ ਸੀ। ਇਸ ਤੋਂ ਬਾਅਦ, ਇਸਤਗਾਸਾ ਪੱਖ ਨੇ ਐਸਆਈ ਦੀਪਕ ਸਿੰਘ ਨੂੰ ਗਵਾਹ ਵਜੋਂ ਪੇਸ਼ ਕੀਤਾ। ਉਹ ਜ਼ਬਤੀ ਦੇ ਗਵਾਹਾਂ ਵਿਚੋਂ ਇਕ ਸੀ ਅਤੇ ਅਦਾਲਤ ਨੂੰ ਦਸਿਆ ਕਿ ਉਸ ਦੀ ਗ੍ਰਿਫ਼ਤਾਰੀ ਦੌਰਾਨ ਸੋਨੂੰ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ।
ਸੋਨੂੰ ਨੂੰ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ
ਇਹ ਘਟਨਾ 19 ਨਵੰਬਰ, 2022 ਨੂੰ ਵਾਪਰੀ। ਏਐਸਆਈ ਗੁਰਪ੍ਰਤਾਪ ਸਿੰਘ, ਇਕ ਪੁਲਿਸ ਟੀਮ ਦੇ ਨਾਲ, ਸੀਜੀਸੀ ਕਾਲਜ ਦੇ ਨੇੜੇ ਇਕ ਨਿਜੀ ਵਾਹਨ ਵਿਚ ਮੌਜੂਦ ਸਨ। ਸ਼ਾਮ 4:30 ਵਜੇ ਦੇ ਕਰੀਬ, ਉਨ੍ਹਾਂ ਨੂੰ ਇਕ ਸੂਚਨਾ ਮਿਲੀ ਕਿ ਸੋਨੂੰ, ਪਿੰਡ ਸੋਰਗੜ੍ਹੀ ਸ਼ਾਸਤਰੀ ਨਗਰ, ਜ਼ਿਲ੍ਹਾ ਮੇਰਠ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ, ਜੋ ਕਿ ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਕਈ ਡਕੈਤੀ ਮਾਮਲਿਆਂ ਵਿਚ ਲੋੜੀਂਦਾ ਸੀ ਅਤੇ ਇਕ ਭਗੌੜਾ ਦੋਸ਼ੀ ਸੀ, ਲਾਂਡਰਾ ਵਲ ਪੈਦਲ ਜਾ ਰਿਹਾ ਹੈ। ਜਾਣਕਾਰੀ ਨੂੰ ਸੱਚ ਮੰਨਦੇ ਹੋਏ, ਪੁਲਿਸ ਨੇ ਟੀਡੀਆਈ ਸਿਟੀ ਨੇੜੇ ਇਕ ਜਾਲ ਵਿਛਾ ਕੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਬੈਗ ਦੀ ਤਲਾਸ਼ੀ ਲੈਣ ’ਤੇ, ਉਨ੍ਹਾਂ ਨੂੰ ਚਾਰ 32 ਬੋਰ ਪਿਸਤੌਲ, ਇਕ 315 ਬੋਰ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ ਪੰਜ 315 ਬੋਰ ਕਾਰਤੂਸ ਮਿਲੇ। ਪੁਲਿਸ ਨੇ ਹਥਿਆਰ ਜ਼ਬਤ ਕਰ ਲਏ ਅਤੇ ਸੋਨੂੰ ਵਿਰੁਧ ਕੇਸ ਦਰਜ ਕਰ ਲਿਆ।
ਅਦਾਲਤ ਨੇ ਅਪਣੇ ਫ਼ੈਸਲੇ ਵਿਚ ਸਪੱਸ਼ਟ ਕੀਤਾ ਕਿ ਇਸਤਗਾਸਾ ਪੱਖ ਸੋਨੂੰ ਵਿਰੁਧ ਧਾਰਾ 25 ਤਹਿਤ ਉਸ ਦਾ ਬਣਦਾ ਅਪਰਾਧ ਸਾਬਤ ਕਰਨ ਵਿਚ ਸਫ਼ਲ ਰਿਹਾ ਹੈ। ਇਸ ਦੇ ਆਧਾਰ ’ਤੇ, ਉਸ ਨੂੰ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 120-ਬੀ ਤਹਿਤ ਬਰੀ ਕਰ ਦਿਤਾ ਗਿਆ। ਅਦਾਲਤ ਨੇ ਅੱਗੇ ਕਿਹਾ ਕਿ ਇਸਤਗਾਸਾ ਪੱਖ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ ਅਤੇ ਵਿਕਰਮ ਸਿੰਘ ਦੇ ਵਿਰੁਧ ਸਬੂਤ ਪ੍ਰਦਾਨ ਕਰਨ ਵਿਚ ਅਸਫ਼ਲ ਰਿਹਾ, ਅਤੇ ਇਸ ਲਈ, ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿਤਾ ਗਿਆ।
ਹਿਰਾਸਤ ’ਚ ਦਿਤੇ ਬਿਆਨ ਵਿਚਾਰਯੋਗ ਨਹੀਂ
ਅਦਾਲਤ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਹੋਰ ਦੋਸ਼ੀਆਂ ਦੇ ਨਾਮ ਦੋਸ਼ੀ ਸੋਨੂੰ ਦੁਆਰਾ ਹਿਰਾਸਤ ਵਿਚ ਦਿਤੇ ਗਏ ਬਿਆਨ ਦੇ ਆਧਾਰ ’ਤੇ ਦਰਜ ਕੀਤੇ ਗਏ ਸਨ। ਹਾਲਾਂਕਿ, ਕਾਨੂੰਨ ਅਨੁਸਾਰ, ਪੁਲਿਸ ਹਿਰਾਸਤ ਵਿਚ ਇਕ ਦੋਸ਼ੀ ਦੁਆਰਾ ਦਿਤੇ ਗਏ ਬਿਆਨ ਨੂੰ ਸਬੂਤ ਨਹੀਂ ਮੰਨਿਆ ਜਾਂਦਾ ਜਦੋਂ ਤਕ ਇਸ ਦੇ ਆਧਾਰ ’ਤੇ ਰਿਕਵਰੀ ਨਹੀਂ ਕੀਤੀ ਜਾਂਦੀ। ਦੀਪਕ ਪੁੰਡੀਰ ਉਰਫ਼ ਦੀਪੂ ਅਤੇ ਦੋਸ਼ੀ ਵਿਕਰਮਜੀਤ ਸਿੰਘ ਨੂੰ ਸੋਨੂੰ ਦੇ ਖ਼ੁਲਾਸੇ ਤੋਂ ਬਾਅਦ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ, ਦੋਸ਼ੀ ਲਾਰੈਂਸ ਬਿਸ਼ਨੋਈ ਨੇ ਇਕ ਪ੍ਰਗਟਾਵੇ ਬਿਆਨ ਵਿਚ ਅਸੀਮ ਉਰਫ਼ ਹਾਸ਼ਮ ਬਾਬਾ ਦਾ ਨਾਮ ਵੀ ਲਿਆ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਇਨ੍ਹਾਂ ਪ੍ਰਗਟਾਵਿਆਂ ਦੇ ਆਧਾਰ ’ਤੇ ਕੋਈ ਠੋਸ ਸਬੂਤ ਪੇਸ਼ ਕਰਨ ਵਿਚ ਅਸਫ਼ਲ ਰਿਹਾ।
ਮੋਹਾਲੀ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ