
ਝੂਠੇ ਮੁਕਾਬਲੇ ਦੀ ਚਸ਼ਮਦੀਦ 'ਤੇ ਬਣਾ ਦਿਤਾ ਕਤਲ ਕੇਸ ਅਤੇ ਹਿਰਾਸਤ ਵਿਚ ਕੀਤਾ ਜਬਰ ਜਨਾਹ
ਚੰਡੀਗੜ੍ਹ, 3 ਨਵੰਬਰ (ਸੁਰਜੀਤ ਸਿੰਘ ਸੱਤੀ) : ਪੁਲਿਸ ਨੇ ਨਾ ਸਿਰਫ ਇਕ ਮੁਲਜ਼ਮ ਨੂੰ ਕਥਿਤ ਤੌਰ 'ਤੇ ਝੂਠੇ ਮੁਕਾਬਲੇ 'ਚ ਮਾਰ ਮੁਕਾਇਆ, ਸਗੋਂ ਇਸ ਮੁਕਾਬਲੇ ਦੀ ਚਸ਼ਮਦੀਦ ਉਸ ਮੁਲਜ਼ਮ ਦੀ ਦੋਸਤ ਨੂੰ ਇਕ ਹੋਰ ਕਤਲ ਕੇਸ ਵਿਚ ਫਸਾ ਦਿਤਾ ਤੇ ਨਾਲ ਹੀ ਹਿਰਾਸਤ ਵਿਚ ਲਗਭਗ 10-12 ਮੁਲਾਜ਼ਮਾਂ ਨੇ ਇਸ ਕੁੜੀ ਤੇ ਉਸ ਦੀ ਚਚੇਰੀ ਭੈਣ ਨਾਲ ਕੁੱਟਮਾਰ ਕੀਤੀ ਤੇ ਹਵਸ ਦਾ ਸ਼ਿਕਾਰ ਵੀ ਬਣਾਇਆ। ਹੁਣ ਇਹ ਦੋਵੇਂ ਕੁੜੀਆਂ ਕਰਨਾਲ ਜੇਲ੍ਹ ਵਿਚ ਹਨ ਤੇ ਉਨ੍ਹਾਂ ਦੀ ਜਿਸਮਾਨੀ ਹਾਲਤ ਕਾਫ਼ੀ ਖ਼ਸਤਾ ਹੋ ਚੁੱਕੀ ਹੈ ਤੇ ਇਸੇ ਕਾਰਨ ਇਕ ਪੀੜਤਾ ਦੀ ਮਾਂ ਨੇ ਐਡਵੋਕੇਟ ਆਰ.ਐਸ.ਬੈਂਸ ਰਾਹੀਂ ਹਾਈਕੋਰਟ ਪਹੁੰਚ ਕਰ ਕੇ ਕੁੜੀ ਦੀ ਡਾਕਟਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਕੁੜੀ ਦੀ ਜਾਨ ਨੂੰ ਖ਼ਤਰਾ ਦਸਦਿਆਂ ਇਸ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਵਿਚ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਪਟੀਸ਼ਨ ਵਿਚ ਹਾਈ ਕੋਰਟ ਨੂੰ ਦਸਿਆ ਗਿਆ ਕਿ ਪੀੜਤ ਕੁੜੀ ਤੇ ਉਸ ਦੀ ਚਚੇਰੀ ਭੈਣ ਗਨੌਰ ਨੇੜੇ ਅਮਿਤ ਨਾਂ ਦੇ ਇਕ ਮੁੰਡੇ ਨੂੰ ਮਿਲਣ ਗਈਆਂ ਸੀ ਤੇ ਉਹ ਕਾਰ ਵਿਚ ਬੈਠੇ ਸੀ ਕਿ ਉਤੋਂ ਦੋ ਪੁਲਿਸ ਵਾਲੇ ਰਵਿੰਦਰ
ਤੇ ਕਪਤਾਨ ਆਏ ਤੇ ਕੁੜੀਆਂ ਨਾਲ ਇਤਰਾਜਯੋਗ ਹਰਕਤਾਂ ਕਰਨ ਲੱਗੇ, ਜਿਸ 'ਤੇ ਅਮਿਤ ਨੇ ਗੁੱਸੇ 'ਚ ਆ ਕੇ ਪੁਲਿਸ ਵਾਲਿਆਂ ਨੂੰ ਜ਼ਖ਼ਮੀ ਕਰ ਦਿਤਾ ਪਰ ਇਸ ਉਪਰੰਤ ਹੋਰ ਪੁਲਿਸ ਵਾਲਿਆਂ ਨੇ ਅਮਿਤ ਨੂੰ ਮਾਰ ਮੁਕਾਇਆ ਤੇ ਕਹਾਣੀ ਬਣਾਈ ਕਿ ਉਹ ਕੁੜੀਆਂ ਨਾਲ ਬੈਠਿਆ ਸੀ ਤੇ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਹ ਭੱਜਣ ਲੱਗਾ ਤੇ ਪਿੱਛੋਂ ਪੁਲਿਸ ਨੇ ਗੋਲੀ ਚਲਾ ਦਿਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਕੁੜੀਆਂ ਨੂੰ ਰਵਿੰਦਰ ਤੇ ਕਪਤਾਨ ਦੇ ਕਤਲ ਵਿਚ ਫਸਾ ਦਿਤਾ।
ਪਟੀਸ਼ਨ ਵਿਚ ਦੋਸ਼ ਲਗਾਇਆ ਕਿ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਦਬਾਉਣ ਲਈ ਕੁੜੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਗਿਆ ਤੇ ਨਾਲ ਹੀ ਕੁੱਟ ਮਾਰ ਕੀਤੀ ਗਈ ਤੇ ਜੇਲ 'ਚੋਂ ਛੁਟ ਕੇ ਆਈ ਇਕ ਹੋਰ ਮੁਲਜ਼ਮ ਨੇ ਕੁੜੀ ਦੀ ਮਾਂ ਨੂੰ ਦਸਿਆ ਕਿ ਕੁੜੀ ਦੀ ਹਾਲਤ ਪਤਲੀ ਹੈ, ਲਿਹਾਜ਼ਾ ਉਸ ਦੀ ਮਦਦ ਕੀਤੀ ਜਾਵੇ। ਕਿਹਾ ਕਿ ਇਸ 'ਤੇ ਮਹਿਲਾ ਵਿੰਗ ਕੋਲ ਪਹੁੰਚ ਕੀਤੀ ਗਈ, ਜਿਸ 'ਤੇ ਹਾਲਾਂਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਲਈ ਐਸਆਈਟੀ ਵੀ ਬਣਾ ਦਿਤੀ ਗਈ ਪਰ ਜਿਥੇ ਅਪਰਾਧ ਵਿਚ ਪੁਲਿਸ ਖੁਦ ਸ਼ਾਮਲ ਹੋਵੇ ਉਥੇ ਸਪਸ਼ਟ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਲਿਹਾਜ਼ਾ ਜਾਂਚ ਹਾਈ ਕੋਰਟ ਦੀ ਨਿਗਰਾਨੀ ਵਿਚ ਹੋਵੇ, ਕਿਉਂਕਿ ਕੁੜੀ ਦਲਿਤ ਪਰਵਾਰ ਨਾਲ ਸਬੰਧਤ ਹੈ ਤੇ ਸਮਝੌਤੇ ਲਈ ਚੁਫੇਰਿਉਂ ਦਬਾਅ ਬਣਾਇਆ ਜਾ ਰਿਹਾ ਹੈ। ਇਹ ਮੰਗ ਵੀ ਕੀਤੀ ਗਈ ਕਿ ਕੁੜੀ ਦੀ ਸਿਹਤ ਖਰਾਬ ਹੈ, ਲਿਹਾਜਾ ਸੈਕਟਰ-32 ਹਸਪਤਾਲ ਚੰਡੀਗੜ੍ਹ ਦੇ ਮੈਡੀਕਲ ਬੋਰਡ ਕੋਲੋਂ ਕੁੜੀ ਦੀ ਡਾਕਟਰੀ ਜਾਂਚ ਕਰਵਾਈ ਜਾਵੇ, ਕਿਉਂਕਿ ਪੁਲਿਸ ਨੇ ਦਬਾਅ ਬਣਾ ਕੇ ਕੁੜੀ ਦੇ ਝੂਠੇ ਸਹੀ ਮੈਡੀਕਲ 'ਤੇ ਦਸਤਖਤ ਕਰਵਾਏ ਹਨ। ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।