
5 ਨਵੰਬਰ ਦੇ ਚੱਕਾ ਜਾਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ
14 ਜ਼ਿਲ੍ਹਿਆਂ 'ਚ 30 ਥਾਵਾਂ 'ਤੇ ਹੋਣਗੇ ਭਾਰੀ ਇਕੱਠਾਂ ਨਾਲ ਜਾਮ : ਉਗਰਾਹਾਂ, ਕੋਕਰੀ
ਚੰਡੀਗੜ੍ਹ, 3 ਨਵੰਬਰ (ਨੀਲ ਭਲਿੰਦਰ) : ਮੋਦੀ ਹਕੂਮਤ ਦੇ ਕਿਸਾਨ ਉਜਾੜੂ ਖੇਤੀ ਕਾਨੂੰਨਾਂ 'ਤੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਵਾਪਸ ਕਰਾਉਣ ਲਈ ਕਰੋ ਜਾਂ ਮਰੋ ਪੈਂਤੜੇ ਵਾਲੇ ਸੰਘਰਸ਼ ਵਿਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੁਆਰਾ 5 ਨਵੰਬਰ ਨੂੰ ਪੂਰੇ ਭਾਰਤ ਵਿਚ ਕੀਤੇ ਜਾ ਰਹੇ 4 ਘੰਟਿਆਂ ਦੇ ਚੱਕਾ ਜਾਮ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਕਲ ਕੀਤੀ ਗਈ ਸੈਂਕੜੇ ਕਾਰਕੁਨਾਂ ਦੀ ਮੀਟਿੰਗ ਦਾ ਜ਼ਬਰਦਸਤ ਉਤਸ਼ਾਹੀ ਅਸਰ ਅੱਜ ਉਦੋਂ ਵੇਖਣ ਨੂੰ ਮਿਲਿਆ ਜਦੋਂ ਥਾਂ-ਥਾਂ ਤੋਂ ਆਈਆਂ ਰਿਪੋਰਟਾਂ ਮੁਤਾਬਕ ਸੈਂਕੜੇ ਹੀ ਪਿੰਡਾਂ ਵਿਚ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਮਜਦੂਰਾਂ ਦੇ ਜੱਥੇ ਗਲੀ-ਗਲੀ ਨਾਹਰੇ ਗੁੰਜਾਉਂਦੇ ਜੋਸ਼ ਤੇ ਉਤਸ਼ਾਹ ਨਾਲ ਲਾਮਬੰਦੀਆਂ ਕਰਨ ਚੱਲ ਪਏ, ਜਿਹੜੇ ਕਲ ਨੂੰ ਹੋਰ ਵੀ ਜ਼ੋਰ ਫੜਨਗੇ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਭਾਜਪਾ ਹਕੂਮਤ ਉਤੇ ਦੋਸ਼ ਲਾਇਆ ਕਿ ਉੱਪਰੋਥਲੀ ਨਿੱਤ ਨਵੇਂ ਕਿਸਾਨ ਮਾਰੂ ਫ਼ੈਸਲੇ ਕਰਨ ਤੋਂ ਇਲਾਵਾ ਇਸ ਜਾਨਹੂਲਵੇਂ ਘੋਲ ਦੇ ਮੋਹਰੀਆਂ ਵਜੋਂ ਉੱਭਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀ ਕਾਰੋਬਾਰੀਆਂ ਵਿਰੁਧ ਬਦਲਾਖੋਰੀ ਦੀ ਭਾਵਨਾ ਨਾਲ ਬਿਨਾਂ ਵਜਾਹ ਰੇਲਾਂ ਰੋਕਣ ਰਾਹੀਂ ਆਰਥਕ ਤਬਾਹੀ ਮਚਾਈ ਜਾ ਰਹੀ ਹੈ। ਜੰਮੂ ਕਸ਼ਮੀਰ ਦੀ ਆਰਥਿਕਤਾ 'ਤੇ ਵੀ ਭਾਰੀ ਸੱਟ ਵੱਜ ਰਹੀ ਹੈ, ਕਿਉਂਕਿ ਕਿਸਾਨਾਂ ਨੇ ਕੇਂਦਰੀ ਭਾਜਪਾ ਆਗੂਆਂ ਦੇ ਬਰਾਬਰ ਹੀ ਕਾਰਪੋਰੇਟ ਕਾਰੋਬਾਰਾਂ ਨੂੰ ਵੀ ਅਪਣੇ ਘੋਲ ਦਾ ਚੋਟ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਨੂੰ ਖੇਤੀਬਾੜੀ ਜ਼ਮੀਨਾਂ ਸਮੇਤ ਸਾਰੇ ਪੈਦਾਵਾਰੀ ਸਾਧਨ ਸੌਂਪਣ ਲਈ ਹੀ ਇਹ ਹਕੂਮਤ ਤਰਲੋਮੱਛੀ ਹੋ ਰਹੀ ਹੈ। ਸਹੀ ਥਾਂ ਤੇ ਵੱਜੀ ਇਸ ਚੋਟ ਦੀ ਡਾਢੀ ਪੀੜ ਨਾਲ ਹੀ ਰੇਲਾਂ ਰੋਕਣ,
ਪਰਾਲੀ ਆਰਡੀਨੈਂਸ, ਵਿਕਾਸ ਫ਼ੰਡ ਰੋਕਣ ਅਤੇ ਕਰਜ਼ਿਆਂ ਦੇ ਵਿਆਜ ਉਤੇ ਵਿਆਜ ਦੀ ਨਾਂਮਾਤਰ ਛੋਟ ਤੋਂ ਵੀ ਕਿਸਾਨਾਂ ਨੂੰ ਵਾਂਝੇ ਕਰਨ ਵਰਗੇ ਮਾਰੂ ਬੁਖਲਾਹਟ ਭਰੇ ਫ਼ੈਸਲੇ ਕੀਤੇ ਜਾ ਰਹੇ ਹਨ।
ਕਿਸਾਨ ਆਗੂਆਂ ਨੇ ਦਸਿਆ ਕਿ 5 ਨਵੰਬਰ ਨੂੰ 30 ਥਾਈਂ ਚੱਕਾ ਜਾਮ ਦੇ ਭਾਰੀ ਇਕੱਠਾਂ ਮੌਕੇ ਵੀ 66 ਥਾਵਾਂ 'ਤੇ ਘਿਰਾਉ ਧਰਨੇ ਜਾਰੀ ਰੱਖੇ ਜਾਣਗੇ। ਜਥੇਬੰਦੀ ਦੇ ਫ਼ੈਸਲੇ ਮੁਤਾਬਕ ਪੂਰੇ ਦੇਸ਼ ਦੇ ਕਿਸਾਨਾਂ ਨਾਲ ਇਕਜੁੱਟ ਇਸ ਘੋਲ ਐਕਸ਼ਨ ਤੋਂ ਅਗਲੇ ਇਕਜੁਟ ਐਕਸ਼ਨ 26-27 ਨਵੰਬਰ ਨੂੰ ਦਿੱਲੀ ਚੱਲੋ ਦੀਆਂ ਤਿਆਰੀਆਂ ਇਸ ਨਾਲੋਂ ਵੀ ਵੱਡੀ ਪੱਧਰ 'ਤੇ ਕੀਤੀਆਂ ਜਾਣਗੀਆਂ।