Patti Murder News: ਕਤਲ ਕਰਨ ਮਗਰੋਂ ਖੁਦ ਹੀ ਕੀਤਾ ਆਤਮ-ਸਮਰਪਣ
Patti Murder News: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੰਗਾਲਾ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਇਕ ਵਿਅਕਤੀ ਦੁਆਰਾ ਆਪਣੀ ਦੂਸਰੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਚਰਨਜੀਤ ਕੌਰ ਵਜੋਂ ਹੋਈ ਹੈ। ਮੌਕੇ ’ਤੇ ਪੁੱਜੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਥਿਤ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਮ੍ਰਿਤਕ ਦੇ ਭਰਾ ਜਸਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਲਕੀਤ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਪਤਨੀ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਉਪਰੰਤ ਆਪ ਹੀ ਪੁਲਿਸ ਕੋਲ ਪੇਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਨੇ ਆਪਣੀ ਪਹਿਲੀ ਪਤਨੀ ਤੇ ਉਸ ਦੇ ਬੱਚਿਆਂ ਦੇ ਨਾਂ ਸਾਢੇ 12 ਏਕੜ ਜ਼ਮੀਨ ਲਵਾਈ ਸੀ ਤੇ ਮ੍ਰਿਤਕ ਚਰਨਜੀਤ ਕੌਰ ਤੇ ਉਸ ਦੇ ਬੱਚਿਆਂ ਦੇ ਨਾਂ ਕੇਵਲ ਸਾਢੇ 3 ਏਕੜ ਜ਼ਮੀਨ ਕੀਤੀ ਸੀ।
ਪਹਿਲੀ ਪਤਨੀ ਦੇ ਬੱਚੇ ਲੜਾਈ ਝਗੜਾ ਕਰਦੇ ਸਨ ਕਿ ਚਰਨਜੀਤ ਕੌਰ ਨੂੰ ਦਿੱਤੀ ਜਮੀਨ ਵੀ ਉਨ੍ਹਾਂ ਦੇ ਨਾਂ ਹੋ ਜਾਵੇ। ਜਿਸ ਦਾ ਉਸ ਦੀ ਭੈਣ ਵਿਰੋਧ ਕਰਦੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਕੰਵਲਜੀਤ ਸਿੰਘ ਮੰਡ ਨੇ ਦੱਸਿਆ ਮਲਕੀਤ ਸਿੰਘ ਵਾਸੀ ਪਿੰਡ ਭੰਗਾਲਾ ਦੇ ਦੋ ਵਿਆਹ ਹੋਏ ਸਨ।
ਪਹਿਲੀ ਪਤਨੀ ਸੁਰਿੰਦਰ ਕੌਰ ਨਾਲ ਘੱਟ ਬਣਦੀ ਸੀ ਤਾਂ ਉਸ ਨੇ ਦੂਸਰਾ ਵਿਆਹ ਚਰਨਜੀਤ ਕੌਰ ਵਾਸੀ ਭੱਗੂਪੁਰ ਨਾਲ ਕਰਵਾ ਲਿਆ। ਜਾਂਚ ਕਰਨ ’ਤੇ ਪਤਾ ਲੱਗਾ ਕਿ ਮਲਕੀਤ ਸਿੰਘ ਦੀ ਘਰ ਪੁੱਛ ਪੜਤਾਲ ਘੱਟ ਸੀ। ਰੋਟੀ ਪਾਣੀ ਉਸ ਨੂੰ ਕੋਈ ਪੁੱਛਦਾ ਨਹੀਂ ਸੀ। ਜਿਸ ’ਤੇ ਉਹ ਦੁਖੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਹਰਮਨਦੀਪ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।