
'ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਪੱਥਰ 'ਤੇ ਬਾਦਲਾਂ ਦੇ ਨਾਂ ਕੈਪਟਨ ਨੂੰ ਨਾ ਹੋਏ ਬਰਦਾਸ਼ਤ'.......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਦੇ ਫ਼ੈਸਲੇ ਤਹਿਤ ਬੀਤੇ ਦਿਨੀਂ ਭਾਰਤ 'ਚ ਹੋਈ ਨੀਂਹ ਪੱਥਰ ਸਿਆਸਤ ਪੰਜਾਬ ਦੀ ਸਰਦ ਰੁੱਤ ਸਿਆਸਤ ਭਖਾਈ ਹੋਈ ਹੈ। ਮੋਟੇ ਤੌਰ ਉਤੇ ਇਸ ਸਿਆਸੀ ਕਬੱਡੀ ਨੂੰ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਨੂੰ ਨਾਮਣਾ ਦੇਣ ਜਾਂ ਅਣਗੌਲਿਆਂ ਕੀਤੇ ਜਾਣ ਤੱਕ ਹੀ ਸੀਮਤ ਮੰਨਿਆ ਜਾ ਰਿਹਾ ਹੈ
ਪਰ ਇਸ ਦੇ ਪਿਛੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪਣੀ ਸਿਆਸੀ ਵਿਰੋਧੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਿਜੀ ਸਿਆਸੀ ਕਸ਼ਮਕਸ਼ ਦੀ ਵੀ ਅਜਮਾਇਸ਼ ਹੋਈ ਹੋਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਨਾਮਵਰ ਵੈਟਰਨ ਪੱਤਰਕਾਰ ਜਗਤਾਰ ਸਿੰਘ ਨੇ 'ਸਪੋਕਸਮੈਨ ਟੀਵੀ' ਨਾਲ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਪੰਥਕ ਹਾਲਾਤ 'ਤੇ ਵਿਚਾਰ-ਚਰਚਾ ਕਰਦੇ ਹੋਏ ਕਈ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਅਪਣੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ
ਕਿ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਚੜ੍ਹਦੇ ਪੰਜਾਬ 'ਚ ਹੋਏ ਨੀਂਹ ਪੱਥਰ ਸਮਾਗਮ 'ਚ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (ਸੁੱਖੀ ਰੰਧਾਵਾ) ਵਲੋਂ ਨੀਂਹ ਪੱਥਰ ਉਤੇ 'ਬਾਦਲਾਂ' ਦੇ ਨਾਵਾਂ ਉਤੇ ਟੇਪ ਲਾਉਣਾ ਕੋਈ ਅਚਾਨਕ ਉਪਜੇ ਗੁੱਸੇ ਦਾ ਨਤੀਜਾ ਨਹੀਂ ਸੀ। ਉਹਨਾਂ ਦਾਅਵਾ ਕੀਤਾ ਕਿ ਸਮਾਗਮ ਤੋਂ ਇਕ ਸ਼ਾਮ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਸੂਚਨਾ ਪਹੁੰਚ ਗਈ ਸੀ ਕਿ ਨੀਂਹ ਪੱਥਰ ਉਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਵੀ ਲਿਖੇ ਗਏ ਹਨ।
ਜਿਸ ਤੋਂ ਭੜਕੇ ਕੈਪਟਨ ਵਲੋਂ ਸਹਿਕਾਰਤਾ ਮੰਤਰੀ ਰੰਧਾਵਾ (ਡੇਰਾ ਬਾਬਾ ਨਾਨਕ ਤੋਂ ਵਿਧਾਇਕ) ਨੂੰ ਨੀਂਹ ਪੱਥਰ ਤੱਕ ਹਟਾ ਦੇਣ ਦੀ ਤਾਕੀਦ ਕਰ ਦਿਤੀ ਗਈ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਵੀ ਹਾਸਿਲ ਹੋਈ ਦੱਸੀ ਗਈ ਹੈ ਕਿ ਸੁਖਬੀਰ ਨੂੰ ਮੰਚ ਉਤੇ ਨਾ ਬੈਠਣ ਦੇਣ ਤੱਕ ਦੀਆਂ ਹਦਾਇਤਾਂ ਜਾਰੀ ਹੋਈਆਂ ਸਨ। ਹਾਲਾਂਕਿ ਬਾਅਦ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਸੁਖਬੀਰ ਬਾਦਲ ਨੂੰ ਮੰਚ ਉਤੇ ਲੈ ਗਏ। ਵੈਟਰਨ ਪੱਤਰਕਾਰ ਜਗਤਾਰ ਸਿੰਘ ਨੇ ਇਹ ਵੀ ਦਾਅਵਾ ਕੀਤਾ
ਕਿ ਇਸ ਉਪਰੋਕਤ ਹਵਾਲੇ ਨਾਲ ਪੰਜਾਬ ਦੀ ਸਿਆਸਤ 'ਚ ਹੁਣ ਤੱਕ ਪ੍ਰਚਲਿਤ ਰਹੀ ਇਸ ਵਾਰ ਦੀ ਸਰਕਾਰ 'ਕੈਪਟਨ-ਬਾਦਲ' ਦੋਸਤਾਨਾ ਮੈਚ ਹੋਣ ਦੀ ਮਿੱਥ ਟੁੱਟ ਗਈ ਹੈ। ਅਪਣੇ ਦਾਅਵੇ ਦੀ ਪੁਖ਼ਤਗੀ ਲਈ ਸਾਬਕਾ ਪੱਤਰਕਾਰ ਨੇ ਇਹ ਵੀ ਹਵਾਲਾ ਦਿਤਾ ਕਿ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ 'ਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਰਾਹੀਂ ਨਿਗਰ ਰੀਪੋਰਟ ਤਿਆਰ ਕਰਵਾ ਕੇ ਅਮਰਿੰਦਰ ਨੇ ਅਪਣੇ ਸਿਆਸੀ ਸ਼ਰੀਕ 'ਬਾਦਲਾਂ' ਦਾ ਇਤਿਹਾਸਕ ਨੁਕਸਾਨ ਵੀ ਕਰ ਦਿਤਾ ਹੈ। ਨਾਲ ਹੀ ਕਿਹਾ ਕਿ ਭਾਵੇਂ ਲੋਕ ਹਾਲ ਦੀ ਘੜੀ ਇਸ ਤੱਥ ਨੂੰ ਸਮਝ ਨਹੀਂ ਸਕੇ ਪਰ 'ਬਾਦਲਾਂ' ਦਾ ਇਸ ਤੋਂ ਵੱਡਾ ਨੁਕਸਾਨ ਕਦੇ ਨਹੀਂ ਹੋਇਆ ਸੀ।
ਇਹ ਵੀ ਕਿਹਾ ਗਿਆ ਕਿ ਕੈਪਟਨ ਇਸ ਵਾਰ ਹੁਣ ਤੱਕ ਪੰਜਾਬ ਨੂੰ ਇਕ ਕਾਰਗਰ ਸਰਕਾਰ ਦੇਣ 'ਚ ਅਸਫ਼ਲ ਹੋਏ ਹਨ। ਨਾ ਤਾਂ ਸੂਬੇ ਦੀ ਤਰੱਕੀ ਹੋ ਰਹੀ ਹੈ, ਨਾ ਹੀ ਕੰਮ ਹੋ ਰਹੇ ਹਨ, ਉਲਟਾ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਮੌਜੂਦਾ ਅਕਾਲੀ ਸਿਆਸਤ ਉਤੇ ਟਿਪਣੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਬਦਲ ਸਿਖਾਂ ਦੀ ਨੁਮਾਇੰਦਗੀ ਕਰਨ ਵਾਲਾ ਇਕ ਅਕਾਲੀ ਦਲ ਹੀ ਦੇ ਸਕਦਾ ਹੈ
ਪਰ ਵਿਰੋਧੀ ਖੇਮੇ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਬਦਲ ਸਾਬਤ ਹੋਣ ਵਾਲਾ ਕੋਈ ਨੇਤਾ ਨਜ਼ਰੀਂ ਨਹੀਂ ਪੈ ਰਿਹਾ। ਮਾਝੇ ਦੇ ਟਕਸਾਲੀ ਅਕਾਲੀਆਂ ਵਲੋਂ ਬਾਦਲ ਦਲ ਨਾਲੋਂ ਤੋੜ -ਵਿਛੋੜਾ ਕਰ ਨਵਾਂ ਅਕਾਲੀ ਦਲ ਖੜਾ ਕਰਨ ਦੀਆਂ ਕੋਸ਼ਿਸ਼ਾਂ ਉਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਟਕਸਾਲੀ ਨੇਤਾਵਾਂ ਕੋਲ 2015 'ਚ ਸੌਦਾ ਸਾਧ ਮਾਫੀ, ਬੇਅਦਬੀ ਅਤੇ ਗੋਲੀਕਾਂਡ ਮੌਕੇ 'ਬਾਦਲਾਂ' ਤੋਂ ਕਿਨਾਰਾ ਕਰ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਢੁਕਵਾਂ ਮੌਕਾ ਹੈ ਜਿਸ ਤੋਂ ਉਹ ਖੁੰਝ ਚੁੱਕੇ ਹਨ।