
ਦਲਜੀਤ ਨੇ ਕਿਹਾ, ਕੰਗਨਾ ਨੂੰ ਬੋਲਣ ਦੀ ਤਮੀਜ਼ ਨਹੀਂ ਤੇ ਕੰਗਨਾ ਨੇ ਦਲਜੀਤ ਨੂੰ ਕਰਨ ਜੌਹਰ ਦਾ ਪਾਲਤੂ ਕੁੱਤਾ ਤਕ ਕਹਿ ਦਿਤਾ
ਕੰਗਨਾ ਨੇ ਦਲਜੀਤ ਨੂੰ ਕਿਹਾ ਕਰਨ ਜੌਹਰ ਦਾ ਪਾਲਤੂ ਕੁੱਤਾ
ਚੰਡੀਗੜ੍ਹ, 3 ਦਸੰਬਰ (ਗੁਰਉਪਦੇਸ਼ ਭੁੱਲਰ): ਫ਼ਿਲਮ ਅਦਾਕਾਰਾ ਕੰਗਨਾ ਰਣੌਤ ਵਲੋਂ ਦਿੱਲੀ ਸਰਹੱਦ ਉੱਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਇਕ ਬਜ਼ੁਰਗ ਔਰਤ ਮਹਿੰਦਰ ਕੌਰ ਨੂੰ ਦਿੱਲੀ ਸ਼ਾਹੀਨ ਬਾਗ਼ ਮੋਰਚੇ ਵਿਚ ਸ਼ਾਮਲ ਰਹੀ ਬਜ਼ੁਰਗ ਔਰਤ ਬਿਕਲਸ ਦੀਦੀ ਦੱਸ ਕੇ 100 -100 ਰੁਪਏ ਲੈ ਕੇ ਧਰਨੇ ਵਿਚ ਆਉਣ ਬਾਰੇ ਕੀਤੀ ਟਿਪਣੀ ਉੱਤੇ ਪ੍ਰਤੀਕਿਰਿਆਵਾਂ ਜਾਰੀ ਹਨ। ਹੁਣ ਉਘੇ ਪੰਜਾਬੀ ਫ਼ਿਲਮ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਵਿਚਕਾਰ ਟਵਿੱਟਰ ਉੱਤੇ ਜੰਗ ਛਿੜ ਪਈ ਹੈ। ਦੋਵਾਂ ਨੇ ਇਕ ਦੂਜੇ ਨੂੰ ਚੁਣੌਤੀ ਦਿੰਦਿਆਂ ਕਈ ਟਵੀਟ ਕਰ ਕੇ ਤਿਖੀਆਂ ਟਿਪਣੀਆਂ ਕੀਤੀਆਂ ਹਨ। ਦਲਜੀਤ ਨੇ ਕੰਗਨਾ ਨੂੰ ਟਵੀਟ ਕਰ ਕੇ ਬਜ਼ੁਰਗ ਬੇਬੇ ਬਾਰੇ ਟਿਪਣੀ ਦੇ ਵਿਰੋਧ ਵਿਚ ਕਿਹਾ ਸੀ ਕਿ ਤੈਨੂੰ ਕਿਸੇ ਨੇ ਬੋਲਣ ਦੀ ਤਮੀਜ਼ ਨਹੀਂ ਸਿਖਾਈ ਪਰ ਤੈਨੂੰ ਇਹ ਹੁਣ ਪੰਜਾਬੀ ਹੀ ਸਿਖਾਉਣਗੇ। ਕੰਗਨਾ ਨੇ ਵੀ ਟਵੀਟ ਉੱਤੇ ਪਲਟਵਾਰ ਕਰਦਿਆਂ ਉਸ ਨੂੰ ਕਰਨ ਜੌਹਰ ਦਾ ਪਾਲਤੂ ਕੁੱਤਾ ਤਕ ਕਹਿ ਦਿਤਾ ਤੇ ਧਮਕੀ ਭਰੀ ਭਾਸ਼ਾ ਵੀ ਵਰਤੀ ਹੈ। ਇਸ ਤੋਂ ਬਾਅਦ ਦੋਵਾਂ ਵਲੋਂ ਇਕ ਦੂਜੇ ਉੱਤੇ ਪਲਟਵਾਰ ਕਰਦਿਆਂ ਕਈ ਟਵੀਟ ਕੀਤੇ ਹਨ।