
ਅਮਰੀਕਾ ਵਿਖੇ ਕੈਲੋਫੋਰਨੀਆ ਵਿਖੇ ਡਾ. ਨਰਿੰਦਰ ਸਿੰਘ ਕਪਾਨੀ ਨੇ ਲਏ ਆਖਰੀ ਸਾਹ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਜੰਮਪਲ ਉੱਘੇ ਅਮਰੀਕੀ ਸਾਇੰਸਦਾਨ ਅਤੇ ਸਿੱਖ ਕਲਾ ਤੇ ਸਾਹਿਤ ਦੇ ਸਰਪ੍ਰਸਤ ਡਾ. ਨਰਿੰਦਰ ਸਿੰਘ ਕਪਾਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਹ 94 ਵਰ੍ਹਿਆਂ ਦੇ ਸਨ ਜੋ ਸ਼ੁੱਕਰਵਾਰ ਨੂੰ ਅਮਰੀਕਾ ਵਿਖੇ ਕੈਲੋਫੋਰਨੀਆ ਵਿਖੇ ਚੱਲ ਵਸੇ। ਉਹ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ।
Narinder Singh Kapany
ਇਕ ਸ਼ੋਕ ਸੰਦੇਸ਼ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਹਾਨ ਸਮਾਜ ਸੇਵੀ ਅਤੇ ਸਿੱਖ ਫਾਊਂਡੇਸ਼ਨ ਦੇ ਬਾਨੀ ਡਾ. ਕਪਾਨੀ ਦੀ ਮੌਤ ਬਾਰੇ ਸੁਣ ਕੇ ਦੁੱਖ ਪਹੁੰਚਿਆ ਹੈ ਜਿਨ੍ਹਾਂ ਨੇ ਕਿਤਾਬਾਂ, ਕਲਾ, ਪ੍ਰਦਰਸ਼ਨੀਆਂ ਰਾਹੀਂ ਸਿੱਖ ਧਰਮ ਦੇ ਵੱਖ-ਵੱਖ ਪੱਖ ਅਤੇ ਪਹਿਲੂ ਉਜਾਗਰ ਕਰਨ ਤੋਂ ਇਲਾਵਾ ਸਿੱਖ ਪੁਰਾਤਨ ਵਿਰਸੇ ਲਈ ਅਣਥੱਕ ਯੋਗਦਾਨ ਪਾਇਆ।
Captain Amarinder Singh
ਫਾਈਬਰ ਔਪਟਿਕ ਦੇ ਪਿਤਾਮਾ ਵਜੋਂ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਡਾ. ਕਪਾਨੀ ਦੇ ਮਿਸਾਲੀ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਲਾਮਿਸਾਲ ਖੋਜ ਤੋਂ ਇਲਾਵਾ ਲੇਜ਼ਰ, ਸੂਰਜੀ ਊਰਜਾ ਅਤੇ ਪ੍ਰਦੂਸ਼ਣ ਦੀ ਨਿਗਰਾਨੀ ਵਿੱਚ ਵੀ ਉਨ੍ਹਾਂ ਦੀ ਦੇਣ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ।
Narinder Singh Kapany
ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਸੰਕਟ ਦੀ ਘੜੀ ਵਿੱਚ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।