
ਨੀਅਤ ਸਾਫ਼ ਹੁੰਦੀ ਤਾਂ ਇਕੱਲੇ ਮਿਲਣ ਦੀ ਥਾਂ ਦੂਸਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਦਬਾਅ ਬਣਾਉਂਦੇ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਹੋਈ ਮੀਟਿੰਗ ਨੂੰ ਬੇਹੱਦ ਸ਼ੱਕੀ ਕਰਾਰ ਦਿੰਦੇ ਹੋਏ ਕਈ ਸਵਾਲ ਖੜੇ ਕੀਤੇ ਹਨ।
Captain Amarinder Singh and Amit Shah
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਹੋਂਦ ਲਈ ਖ਼ਤਰਾ ਬਣੇ ਖੇਤੀ ਬਾਰੇ ਥੋਪੇ ਗਏ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਆਰ-ਪਾਰ ਦੀ ਲੜਾਈ ਲੜ ਰਹੇ ਹਨ ਅਤੇ ਮੁੱਖ ਮੰਤਰੀ ਆਪਣੇ ਸ਼ਾਹੀ ਫਾਰਮ ਹਾਊਸ 'ਚ ਤਮਾਸ਼ਬੀਨ ਬਣੇ ਬੈਠੇ ਰਹੇ। ਅੱਜ ਜਦੋਂ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਫ਼ੈਸਲਾਕੁਨ ਮੀਟਿੰਗ ਹੋਣੀ ਸੀ ਤਾਂ ਅਚਾਨਕ ਕੇਂਦਰੀ ਗ੍ਰਹਿ ਮੰਤਰੀ ਨਾਲ 2 ਘੰਟੇ ਪਹਿਲਾਂ ਮੀਟਿੰਗ ਕਰਨ ਕਿਵੇਂ ਬੈਠ ਗਏ?
Aam Aadmi Party
ਆਗੂ ਨੇ ਕਿਹਾ ਕਿ ਮੀਟਿੰਗ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਐਨਾ ਵੀ ਸਪਸ਼ਟ ਨਹੀਂ ਕੀਤਾ ਕਿ ਖੇਤੀ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਨਹੀਂ? ਇਸ ਸੰਬੰਧੀ ਕੈਪਟਨ ਦਾ ਸਿਰਫ਼ ਮੁੜ ਵਿਚਾਰ ਕਰਨਾ ਅਤੇ ਕਿਸਾਨਾਂ ਦਾ ਮਾਮਲਾ ਛੇਤੀ ਹੱਲ ਕਰਨ ਲਈ ਕਹਿਣਾ ਨਾ-ਕਾਫੀ ਅਤੇ ਬੇਹੱਦ ਕਮਜ਼ੋਰ ਪੱਖ ਹੈ। ਕੈਪਟਨ ਦੀ ਇਸ ਮਾਮੂਲੀ ਅਤੇ ਢਿੱਲੀ ਟਿੱਪਣੀ ਨੇ ਇਸ ਸ਼ੱਕ ਨੂੰ ਹੋਰ ਪੁਖ਼ਤਾ ਕਰ ਦਿੱਤਾ ਕਿ ਮੋਦੀ-ਅਮਿਤ ਸ਼ਾਹ ਨਾਲ ਮਿਲ ਕੇ ਇੱਕਜੁੱਟ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਤੋੜਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ।
Captain Amarinder Singh
ਕੈਪਟਨ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਬਜਾਏ ਕੈਪਟਨ ਵੱਲੋਂ ਪੰਜਾਬ ਨੂੰ ਸਰਹੱਦੀ ਸੂਬਾ ਕਹਿਕੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤੇ ਜਾਣ ਉੱਤੇ ਮੀਤ ਹੇਅਰ ਨੇ ਗਹਿਰੀ ਚਿੰਤਾ ਪ੍ਰਗਟਾਈ ਕਿ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੂੰ ਕੇਵਲ ਪੰਜਾਬ ਤੇ ਪੰਜਾਬੀ ਕਿਸਾਨਾਂ ਤੱਕ ਸੀਮਤ ਕਰਕੇ ਕਿਉਂ ਪੇਸ਼ ਕਰ ਰਹੇ ਹਨ? ਉਨ੍ਹਾਂ ਨੇ ਕੈਪਟਨ ਉੱਤੇ ਦੋਸ਼ ਲਗਾਇਆ ਕਿ ਅਸਲ ਵਿਚ ਮੁੱਖ ਮੰਤਰੀ ਅਮਰਿੰਦਰ ਮੋਦੀ ਤੇ ਸ਼ਾਹ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਦੀ ਖਿਚੜੀ ਪਕਾ ਰਹੇ ਹਨ।
Gurmeet Singh
ਮੀਤ ਹੇਅਰ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਨੂੰ ਚਾਹੀਦਾ ਸੀ ਕਿ ਉਹ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦਾ ਅਤੇ ਕੇਂਦਰ ਸਰਕਾਰ ਉੱਤੇ ਸਾਂਝਾ ਦਬਾਅ ਬਣਾਉਂਦੇ। ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰੇ ਗੈਰ ਭਾਜਪਾਈ ਮੁਖੀਆਂ ਨੂੰ ਇਸ ਸਬੰਧੀ ਅਪੀਲ ਕਰ ਚੁੱਕੇ ਹਨ।
Arvind Kejriwal
ਇਕੱਲਿਆਂ ਕੀਤੀ ਅਚਾਨਕ ਮੀਟਿੰਗ ਬਾਰੇ ਮੀਤ ਹੇਅਰ ਨੇ ਕਿਹਾ ਕਿ ਅੰਨ੍ਹੇ ਭ੍ਰਿਸ਼ਟਾਚਾਰ ਅਤੇ ਈਡੀ ਆਦਿ ਕੇਸਾਂ ਨੇ ਕੈਪਟਨ ਨੂੰ ਬੇਹੱਦ ਕਮਜ਼ੋਰ ਮੁੱਖ ਮੰਤਰੀ ਬਣਾ ਦਿੱਤਾ। ਇਨ੍ਹਾਂ ਕਮਜ਼ੋਰੀਆਂ ਕਾਰਨ ਕੈਪਟਨ ਨੂੰ ਮੋਦੀ ਸਰਕਾਰ ਆਪਣੇ ਇਸ਼ਾਰਿਆਂ 'ਤੇ ਨਚਾ ਰਹੀ ਹੈ। ਇਹ ਵੀ ਹੋ ਸਕਦਾ ਹੈ ਕਿ ਅਮਿਤ ਸ਼ਾਹ ਨੇ ਕੈਪਟਨ ਨੂੰ ਈਡੀ ਦੇ ਕੇਸਾਂ ਦਾ ਦਬਕਾ ਮਾਰ ਕੇ ਕਿਸਾਨੀ ਅੰਦੋਲਨ ਨੂੰ ਫ਼ੇਲ੍ਹ ਕਰਨ ਦੇ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੇ ਇਕੱਲਿਆਂ ਹੀ ਅਮਿਤ ਸ਼ਾਹ ਨਾਲ ਮੀਟਿੰਗ ਕਰਨੀ ਸੀ ਤਾਂ ਇਹ ਮੀਟਿੰਗ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ।