
ਅਪਾਹਜਾਂ ਨੂੰ ਵੀ ਮਿਲਣ ਸਿਖਿਆ-ਰੁਜ਼ਗਾਰ ਦੇ ਬਰਾਬਰ ਮੌਕੇ : ਰਾਸ਼ਟਰਪਤੀ ਮੁਰਮੂ
ਨਵੀਂ ਦਿੱਲੀ, 3 ਦਸੰਬਰ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਕੌਮਾਂਤਰੀ ਦਿਵਿਯਾਂਗ ਦਿਵਸ 'ਤੇ ਅਪਾਹਜਾਂ ਦੇ ਸਸ਼ਕਤੀਕਰਨ ਦੀ ਦਿਸ਼ਾ 'ਚ ਸ਼ਾਨਦਾਰ ਕੰਮ ਕਰਨ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ | ਇਸ ਵਿਚ ਵਿਅਕਤੀਆਂ ਤੋਂ ਇਲਾਵਾ ਦਿਵਿਯਾਂਗਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ, ਸੰਗਠਨਾਂ ਅਤੇ ਜ਼ਿਲਿ੍ਹਆਂ ਨੂੰ ਵੀ ਸਨਮਾਨਤ ਕੀਤਾ ਗਿਆ | ਇਸ ਦੌਰਾਨ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਰਾਸ਼ਟਰਪਤੀ ਨੇ ਦਿਵਿਯਾਂਗਾਂ ਲਈ ਸਿਖਿਆ ਦੇ ਖੇਤਰ 'ਚ ਤਕਨੀਕ 'ਤੇ ਵਧੇਰੇ ਜੋਰ ਦੇਣ ਦੀ ਗੱਲ ਆਖੀ | ਉਨ੍ਹਾਂ ਕਿਹਾ ਕਿ ਸਿਖਿਆ 'ਚ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਅਤੇ ਦਿਵਿਯਾਂਗ ਬੱਚਿਆਂ ਲਈ ਸਿਖਿਆ ਨੂੰ ਹੋਰ ਵਧੇਰੇ ਆਸਾਨ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਉਹ ਸਨਮਾਨਤ ਜ਼ਿੰਦਗੀ ਜੀਅ ਸਕਣ |
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਇਕ ਅਨੁਮਾਨ ਮੁਤਾਬਕ ਦੁਨੀਆ 'ਚ 1 ਅਰਬ ਤੋਂ ਵਧ ਲੋਕ ਦਿਵਿਯਾਂਗ ਹਨ | ਇਸ ਦਾ ਮਤਲਬ ਹੈ ਕਿ ਦੁਨੀਆ ਦਾ ਲੱਗਭਗ ਹਰ 8ਵਾਂ ਵਿਅਕਤੀ ਕਿਸੇ ਨਾ ਕਿਸੇ ਰੂਪ ਵਿਚ ਦਿਵਿਯਾਂਗ ਹੈ | ਭਾਰਤ ਦੀ ਦੋ ਫ਼ੀ ਸਦੀ ਤੋਂ ਵਧ ਆਬਾਦੀ ਦਿਵਿਯਾਂਗ ਵਿਅਕਤੀਆਂ ਦੀ ਹੈ | ਇਸ ਲਈ ਇਹ ਯਕੀਨੀ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦਿਵਿਯਾਂਗ ਵਿਅਕਤੀ ਆਜ਼ਾਦ ਰੂਪ ਨਾਲ ਇਕ ਸਨਮਾਨਤ ਜ਼ਿੰਦਗੀ ਜੀਅ ਸਕੇ | ਉਨ੍ਹਾਂ ਨੂੰ ਚੰਗੀ ਸਿਖਿਆ ਮਿਲੇ, ਉਹ ਅਪਣੇ ਘਰਾਂ ਅਤੇ ਸਮਾਜ 'ਚ ਸੁਰੱਖਿਅਤ ਰਹਿਣ | ਉਨ੍ਹਾਂ ਨੂੰ ਵੀ ਅਪਣਾ ਕਰੀਅਰ ਚੁਣਨ ਦੀ ਆਜ਼ਾਦੀ ਹੋਵੇ ਅਤੇ ਰੁਜ਼ਗਾਰ ਦੇ ਬਰਾਬਰ ਮੌਕੇ ਹੋਣ |
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਹੈ ਕਿ ਦਿਵਿਯਾਂਗ ਵਿਅਕਤੀ ਰੱਬੀ ਗੁਣਾਂ ਨਾਲ ਸੰਪੰਨ ਹੁੰਦੇ ਹਨ ਅਤੇ ਸਮਰੱਥ ਹੁੰਦੇ ਹਨ | ਅਜਿਹੀਆਂ ਅਣਗਿਣਤ ਉਦਾਹਰਣਾਂ ਹਨ ਜਿਨ੍ਹਾਂ 'ਚ ਸਾਡੇ ਵੱਖ-ਵੱਖ ਤੌਰ 'ਤੇ ਦਿਵਿਯਾਂਗ ਭੈਣਾਂ-ਭਰਾਵਾਂ ਨੇ ਅਪਣੀ ਅਥਾਹ ਹਿੰਮਤ, ਹੁਨਰ ਅਤੇ ਦਿ੍ੜ ਇਰਾਦੇ ਦੇ ਬਲ 'ਤੇ ਕਈ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਜੇਕਰ ਅਜਿਹੇ ਹੋਰ ਦਿਵਿਯਾਂਗਾਂ ਨੂੰ ਲੋੜੀਂਦੇ ਮੌਕੇ ਮਿਲਦੇ ਹਨ ਤਾਂ ਉਹ ਵੀ ਅਪਣੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰ ਸਕਣਗੇ | (ਏਜੰਸੀ)