ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਵੈਰੋਵਾਲ : ਗੈਂਗਸਟਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ, ਜਿਸਦੇ ਚਲਦਿਆਂ ਅੱਜ ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੇ ਵੈਰੋਵਾਲ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਨਾਗੋਕੇ ਬ੍ਰਿਜ ਨੇੜੇ ਇਕ ਐਕਸ.ਯੂ.ਵੀ. ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ । ਪਰ ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਨੇ ਗੱਡੀ ਭਜਾ ਲਈ, ਜਦੋਂ ਪੁਲਿਸ ਪਾਰਟੀ ਨੇ ਉਸ ਗੱਡੀ ਦਾ ਪਿੱਛਾ ਕੀਤਾ ਤਾਂ ਉਸ ਵਿਅਕਤੀ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ । ਹਨੇਰਾ ਹੋਣ ਕਾਰਨ ਉਕਤ ਵਿਅਕਤੀ ਦੀ ਗੱਡੀ ਸਲਿਪ ਕਰਕੇ ਖੇਤਾਂ ਵਿੱਚ ਉਤਰ ਗਈ । ਪੁਲਿਸ ਵੱਲੋਂ ਭੱਜ ਰਹੇ ਵਿਅਕਤੀ ਨੂੰ ਰੋਕਣ ਲਈ ਫਾਇਰ ਕੀਤਾ ਜੋ ਉਸ ਦੀ ਲੱਤ ਵਿੱਚ ਲੱਗ ਗਈ ਜਿਸ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਪਿਆ ।
ਪੁਲਿਸ ਪਾਰਟੀ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਉਸ ਕੋਲੋਂ ਦੋ ਪਿਸਤੌਲ, ਦੋ ਜਿੰਦਾ ਕਾਰਤੂਸ ਬਰਾਮਦ ਕੀਤੇ । ਕਾਬੂ ਕੀਤੇ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ । ਡੀ.ਐਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਰਕੇਸ਼ ਭਾਰਤੀ ਵਾਸੀ ਬਿਆਸ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬਿਨਾਂ ਨੰਬਰ ਤੋਂ ਐਕਸ. ਯੂ.ਵੀ.ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਵੀ ਉਕਤ ਵਿਅਕਤੀ ਪਾਸ ਮੌਜੂਦ ਪਿਸਟਲ ਅਤੇ ਬਿਨ ਨੰਬਰੀ ਗੱਡੀ ਕਿੱਥੋਂ ਆਈ ਹੈ ਅਤੇ ਇਹ ਕਿੱਥੇ ਜਾ ਰਿਹਾ ਸੀ ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
