
ਬੈਂਕ ਦੀ ਛੱਤ ਪਾੜ ਕੇ ਲੁਟੇਰੇ ਬੈਂਕ ਵਿਚੋਂ 12 ਬੋਰ ਰਾਈਫ਼ਲ ਸਮੇਤ 12 ਜ਼ਿੰਦਾ ਕਾਰਤੂਸ ਲੈ ਕੇ ਫ਼ਰਾਰ
ਚੋਹਲਾ ਸਾਹਿਬ, 4 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ): ਬੀਤੀ ਰਾਤ ਕੱੁਝ ਅਣਪਛਾਤੇ ਲੁਟੇਰਿਆਂ ਵਲੋਂ ਇਥੇ ਸਥਿਤ ਦੀ ਚੋਹਲਾ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਛੱਤ ਨੂੰ ਪਾੜ ਕੇ ਬੈਂਕ ਵਿਚ ਰੱਖੀ ਇਕ 12 ਬੋਰ ਰਾਈਫ਼ਲ, 12 ਕਾਰਤੂਸ ਅਤੇ ਇਕ ਪ੍ਰਿੰਟਰ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਰਸ਼ਪਾਲ ਸਿੰਘ ਨੇ ਦਸਿਆ ਕਿ ਹਰ ਰੋਜ਼ ਦੀ ਤਰ੍ਹਾਂ ਕਲ ਬੈਂਕ ਦਾ ਕੰਮਕਾਜ ਸਮੇਟ ਕੇ ਬੈਂਕ ਦਾ ਦਰਵਾਜ਼ਾ ਬੰਦ ਕਰ ਕੇ ਵਾਪਸ ਗਏ ਸਨ ਅਤੇ ਅੱਜ ਜਦ ਉਨ੍ਹਾਂ ਦੇ ਕਰਮਚਾਰੀ ਨੇ ਸਵੇਰੇ ਬੈਂਕ ਦਾ ਦਰਵਾਜ਼ਾ ਖੋਲਿ੍ਹਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਉਨ੍ਹਾਂ ਦੀ ਬੈਂਕ ਵਿਚ ਸੁਰੱਖਿਆ ਗਾਰਡ ਵਜੋਂ ਡਿਊਟੀ ਦਿੰਦੇ ਵਿਅਕਤੀ ਦੀ 12 ਬੋਰ ਰਾਈਫ਼ਲ ਅਤੇ 12 ਜ਼ਿੰਦਾ ਕਾਰਤੂਸ ਜੋ ਉਹ ਬੈਂਕ ਵਿਚ ਹੀ ਛੱਡ ਜਾਂਦਾ ਸੀ ਗ਼ਾਇਬ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਬੈਂਕ ਦਾ ਇਕ ਪ੍ਰਿੰਟਰ ਵੀ ਉੱਥੇ ਨਹੀਂ ਸੀ ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਦਰਖ਼ਾਸਤ ਦੇ ਦਿਤੀ ਹੈ।
ਇਸ ਸਬੰਧੀ ਜਦ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੂੰ ਪਤਾ ਲੱਗਾ ਤਾਂ ਉਹ ਤੁਰਤ ਵਾਰਦਾਤ ਵਾਲੀ ਜਗ੍ਹਾ ਉਤੇ ਪਹੁੰਚ ਗਏ। ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ.ਯਾਦਵਿੰਦਰ ਸਿੰਘ ਬਰਾੜ ਨੇ ਦਸਿਆ ਕਿ ਲੁਟੇਰਿਆਂ ਵਲੋਂ ਇਹ ਵਾਰਦਾਤ ਬੀਤੀ ਦਰਮਿਆਨੀ ਰਾਤ 11:00 ਵਜੇ ਦੇ ਕਰੀਬ ਅੰਜਾਮ ਦਿਤੀ ਗਈ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟੇਜ਼ ਦੀ ਸਹਾਇਤਾ ਤੋਂ ਇਹ ਸਾਹਮਣੇ ਆਇਆ ਹੈ ਕਿ ਇਕ ਲੁਟੇਰਾ ਜਿਸ ਨੇ ਅਪਣੇ ਹੱਥ ਵਿਚ ਟਾਰਚ ਫੜੀ ਹੋਈ ਸੀ। ਤਕਰੀਬਨ 11:00 ਵਜੇ ਬੈਂਕ ਦੇ ਉੱਪਰ ਬਣੀ ਮੋਮਟੀ ਦੀ ਛੱਤ ਪਾੜ ਕੇ ਬੈਂਕ ਵਿਚ ਦਾਖ਼ਲ ਹੋਇਆ ਅਤੇ ਲਗਪਗ 12:30 ਵਜੇ ਤਕ ਬੈਂਕ ਵਿਚ ਤੋੜਭੰਨ ਕਰਦਾ ਰਿਹਾ।
ਉਨ੍ਹਾਂ ਦਸਿਆ ਕਿ ਸੀ.ਸੀ. ਟੀ.ਵੀ.ਕੈਮਰਿਆਂ ਤੋਂ ਮਿਲੀ ਫੁਟੇਜ਼ ਤੋਂ ਇਹ ਸਾਹਮਣੇ ਆਇਆ ਹੈ ਕਿ ਬੈਂਕ ਵਿਚ ਦਾਖ਼ਲ ਹੋਇਆ ਲੁਟੇਰਾ ਪਹਿਲਾਂ ਔਜ਼ਾਰਾਂ ਦੀ ਸਹਾਇਤਾ ਨਾਲ ਬੈਂਕ ਵਿਚ ਰੱਖੀ ਤਿਜ਼ੋਰੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ ਜਿਸ ਵਿਚ ਨਾਕਾਮ ਹੋਣ ਤੋਂ ਬਾਅਦ ਉਸ ਨੇ ਇਕ ਸਟੋਰ ਰੂਮ ਦਾ ਦਰਵਾਜ਼ਾ ਤੋੜਿਆ ਅਤੇ ਉੱਥੇ ਰੱਖੀ 12 ਬੋਰ ਰਾਇਫ਼ਲ ਅਤੇ 12 ਜ਼ਿੰਦਾ ਕਾਰਤੂਸ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਲਈ ਉਨ੍ਹਾਂ ਵਲੋਂ ਬਾਜ਼ਾਰ ਦੇ ਹੋਰ ਸੀ.ਸੀ. ਟੀ.ਵੀ.ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਇਸ ਕੇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਬਹੁਤ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਫੋਟੋ : ਦੀ ਚੋਹਲਾ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜ੍ਹੀ ਵਿਕਾਸ ਬੈਂਕ ਵਿੱਚ ਲੁੱਟ ਸਬੰਧੀ ਛਾਣਬੀਣ ਕਰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ.ਯਾਦਵਿੰਦਰ ਸਿੰਘ ਬਰਾੜ੍ਹ ਅਤੇ ਹੋਰ ਪੁਲਿਸ ਕਰਮਚਾਰੀ।
8--chohla sahib parminder chohla 4-1