
ਰਾਜਪਾਲ ਵਲੋਂ ਮੁੱਖ ਸਕੱਤਰ ਤੇ ਡੀਜੀਪੀ ਨੂੰ ਸਿੱਧਾ ਤਲਬ ਕਰਨਾ ਗ਼ੈਰ ਸੰਵਿਧਾਨਕ: ਰੰਧਾਵਾ
ਚੰਡੀਗੜ੍ਹ, 4 ਜਨਵਰੀ (ਗੁਰਉਪਦੇਸ਼ ਭੁੱਲਰ): ਕਿਸਾਨ ਅੰਦੋਲਨ ਦੇ ਚਲਦੇ ਪੰਜਾਬ ਵਿਚ ਮੋਬਾਇਲ ਟਾਵਰਾਂ ਦੀ ਹੋਈ ਭੰਨਤੋੜ ਦੇ ਮਾਮਲੇ ਵਿਚ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਮੁੱਖ ਸਕੱਤਰ ਤੇ ਡੀਜੀਪੀ ਨੂੰ ਸਿੱਧਾ ਤਲਬ ਕਰਨ ਦੇ ਫੈਸਲੇ ਕਾਰਨ ਮੰਤਰੀਆਂ ਦੇ ਨਿਸ਼ਾਨੇ ਉੱਤੇ ਵੀ ਆ ਚੁਕੇ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਰਾਜਪਾਲ ਦੇ ਇਸ ਫ਼ੈਸਲੇ ਨੂੰ ਗ਼ਲਤ ਦੱਸੇ ਜਾਣ ਤੋਂ ਬਾਅਦ ਹੁਣ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਪਣਾ ਪ੍ਰਤੀਕਰਮ ਦਿਤਾ ਹੈ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵਿਜੈ ਇੰਦਰ ਸਿੰਗਲਾ ਵੀ ਰਾਜਪਾਲ ਦੇ ਕਦਮ ਨੂੰ ਗ਼ਲਤ ਦੱਸ ਚੁਕੇ ਹਨ |
ਰੰਧਾਵਾ ਨੇ ਅੱਜ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰਾਜਪਾਲ ਵਲੋਂ ਮੁੱਖ ਸਕੱਤਰ ਤੇ ਡੀਜੀਪੀ ਨੂੰ ਸਿੱਧਾ ਤਲਬ ਕਰਨਾ ਗ਼ੈਰ ਸੰਵਿਧਾਨਕ ਕਦਮ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਤੇ ਮੰਤਰੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਜਿਨ੍ਹਾਂ ਤੋਂ ਰਾਜਪਾਲ ਜਵਾਬ ਲੈ ਸਕਦੇ ਹਨ ਨਾ ਕਿ ਸਿੱਧਾ ਅਫ਼ਸਰਾਂ ਤੋਂ | ਰੰਧਾਵਾ ਨੇ ਕਿਹਾ ਕਿ ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਤੇ ਤੁਲੀ ਹੋਈ ਹੈ |
ਉਨ੍ਹਾਂ ਸੈਕਲਰ ਤਾਕਤਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੇ ਦੇਸ਼ ਨੂੰ ਤੋੜਨ ਵਿਰੁਧ ਸਾਨੂੰ ਸਭ ਪਾਰਟੀਆਂ ਨੂੰ ਇਕੱਠੇ ਹੋ ਕਿ ਭਾਜਪਾ ਦੇ ਇਸ ਏਜੰਡੇ ਨੂੰ ਨਾ ਕਾਮਯਾਬ ਕਰਨਾ ਪਉ | ਉਨ੍ਹਾਂ ਭਾਜਪਾ ਆਗੂਆਂ ਵਲੋਂ ਕਿਸਾਨਾਂ ਬਾਰੇ ਬੋਲੀ ਜਾ ਰਹੀ ਘਟੀਆ ਸ਼ਬਦਾਵਲੀ ਦੀ ਘੌਰ ਨਿੰਦਾ ਕੀਤੀ |