
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਹੋਇਆ ਹੈ।
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਹੋਇਆ ਹੈ। ਉਹਨਾਂ ਦੀ ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਹੋਈ, ਇਸ ਲਈ ਕਿਸੇ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੈਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਲਾਠੀ-ਗੋਲੀ ਨਹੀਂ ਚਲਾ ਸਕਦਾ।
ਸੀਐਮ ਚੰਨੀ ਨੇ ਕਿਹਾ ਕਿ ਪੀਐਮ ਦਾ ਪੂਰਾ ਪ੍ਰੋਗਰਾਮ ਹਵਾਈ ਜਹਾਜ਼ ਰਾਹੀਂ ਸੀ ਪਰ ਅਚਾਨਕ ਉਹਨਾਂ ਦੀ ਸੁਰੱਖਿਆ ਏਜੰਸੀਆਂ ਨੇ ਸੜਕ ਰਾਹੀਂ ਕਰ ਦਿੱਤਾ। ਕੁਝ ਪ੍ਰਦਰਸ਼ਨਕਾਰੀ ਰਸਤੇ ਵਿਚ ਆ ਗਏ ਅਤੇ ਉਹਨਾਂ ਨੇ ਟਰੈਕਟਰ ਟਰਾਲੀ ਲਗਾ ਕੇ ਸੜਕ ਜਾਮ ਕਰ ਦਿੱਤੀ। ਇਸ ਦੇ ਬਾਵਜੂਦ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਸੁਰੱਖਿਆ 'ਚ ਕੋਈ ਕਮੀ ਆਈ ਹੈ ਤਾਂ ਅਸੀਂ ਇਸ ਦੀ ਜਾਂਚ ਕਰਵਾਵਾਂਗੇ। ਅਜੇ ਤੱਕ ਕਿਸੇ ਵੀ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵਾਪਸ ਜਾਣਾ ਪਿਆ, ਅਸੀਂ ਅਪਣੇ ਪ੍ਰਧਾਨ ਮੰਤਰੀ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਅਪਣੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰੀਏ। ਮੈਂ ਉਹਨਾਂ ਦਾ ਸਵਾਗਤ ਕਰਨ ਲਈ ਜਾਣਾ ਸੀ ਪਰ ਮੇਰੇ ਨਾਲ ਰਹਿਣ ਵਾਲੇ ਪ੍ਰਿੰਸੀਪਲ ਸਕੱਤਰ ਅਤੇ ਮੇਰੇ ਪੀਏ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ਕਾਰਨ ਮੈਂ ਨਹੀਂ ਗਿਆ।
ਸੀਐਮ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਵਾਰ ਲੋਕ ਪ੍ਰਦਰਸ਼ਨ ਕਰਦੇ ਹਨ। ਮੇਰਾ ਵੀ ਹਰ ਰੋਜ਼ ਵਿਰੋਧ ਹੁੰਦਾ ਹੈ। ਪ੍ਰਧਾਨ ਮੰਤਰੀ ’ਤੇ ਕੋਈ ਹਮਲਾ ਨਹੀਂ ਹੋਇਆ। ਇਕ ਸਾਲ ਕਿਸਾਨ ਅੰਦੋਲਨ ਵੀ ਚੱਲਿਆ ਅਤੇ ਮੰਗਾਂ ਸਬੰਧੀ ਭਰੋਸਾ ਮਿਲਣ ਮਗਰੋਂ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਧਰਨਾ ਚੁੱਕਿਆ। ਸ਼ਾਂਤਮਈ ਪ੍ਰਦਰਸ਼ਨ ਨੂੰ ਸੁਰੱਖਿਆ ਵਿਚ ਕੁਤਾਹੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ਸਬੰਧੀ ਸਿਆਸਤ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਸ਼ਾਨ ਅਤੇ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ। ਉਹਨਾਂ ਦਾ ਕਹਿਣਾ ਹੈ ਕਿ, “ਜੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖਤਰਾ ਹੋਵੇਗਾ ਤਾਂ ਉਹਨਾਂ ਤੋਂ ਪਹਿਲਾਂ ਮੈਂ ਅਪਣਾ ਖੂਨ ਡੋਲਾਂਗਾ। ਇਹ ਪੰਜਾਬੀਆਂ ਦੀ ਫਿਤਰਤ ਹੈ। ਪੰਜਾਬੀ ਮਰਦਾ ਮਰ ਜਾਵੇਗਾ ਪਰ ਘਰ ਆਏ ਮਹਿਮਾਨ ਨੂੰ ਕੁਝ ਨਹੀਂ ਹੋਣ ਦੇਵੇਗਾ”।