
ਯੂਪੀ ਤੋਂ ਅੰਮ੍ਰਿਤਸਰ ਪਹੁੰਚੀ ਲੜਕੀ, ਵਿਦੇਸ਼ ਭੱਜਣਾ ਚਾਹੁੰਦਾ ਸੀ ਨੌਜਵਾਨ
ਮੰਗਣੀ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਨੇ ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ ਹੈ। ਜਿਸ ਤੋਂ ਬਾਅਦ ਹੁਣ ਲੜਕੀ ਇਨਸਾਫ਼ ਲਈ ਉਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਪਹੁੰਚ ਗਈ ਤੇ ਲੜਕੇ ਦੇ ਪੂਰੇ ਪਰਵਾਰ ਵਿਰੁਧ ਮਾਮਲਾ ਦਰਜ ਕਰ ਕੇ ਉਸ ਨਾਲ ਵਿਆਹ ਕਰਵਾਉਣ ਦੀ ਮੰਗ ਕਰ ਰਹੀ ਹੈ।
ਲਖੀਮਪੁਰ ਖੇੜੀ, ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਲੜਕੀ ਨੇ ਦਸਿਆ ਕਿ 12 ਜੂਨ 2024 ਨੂੰ ਉਸ ਦੀ ਮੰਗਣੀ ਅਜਵਿੰਦਰ ਸਿੰਘ ਵਾਸੀ ਕੋਟ ਖ਼ਾਲਸਾ, ਅੰਮ੍ਰਿਤਸਰ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਵੇਂ ਕਈ ਵਾਰ ਮਿਲੇ ਅਤੇ ਸਰੀਰਕ ਸਬੰਧ ਵੀ ਬਣਾਏ। ਇਸ ਦੌਰਾਨ ਇਕ ਵਾਰ ਉਹ ਗਰਭਵਤੀ ਹੋ ਗਈ ਤੇ ਲੜਕਾ ਉਸ ਨੂੰ ਗਰਭਪਾਤ ਕਰਵਾਉਣ ਲਈ ਦਵਾਈ ਲੈ ਕੇ ਆਇਆ।
ਇਸ ਸਭ ਤੋਂ ਬਾਅਦ ਹੁਣ ਨੌਜਵਾਨ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਲੜਕੀ ਨੇ ਦਸਿਆ ਕਿ ਉਸ ਦਾ ਵਿਆਹ 8 ਜਨਵਰੀ 2025 ਨੂੰ ਹੋਣਾ ਸੀ ਪਰ ਹੁਣ ਅਜਵਿੰਦਰ ਤੇ ਉਸ ਦਾ ਪਰਵਾਰ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ। ਲੜਕੀ ਨੇ ਦਸਿਆ ਕਿ ਉਸ ਦੇ ਪਿਤਾ ਦਿਲ ਦੇ ਮਰੀਜ਼ ਹਨ ਤੇ ਇਹ ਬਰਦਾਸ਼ਤ ਨਹੀਂ ਕਰਨਗੇ।
ਲੜਕੀ ਨੇ ਦਸਿਆ ਕਿ ਹੁਣ ਤਕ ਉਹ 15 ਲੱਖ ਰੁਪਏ ਖ਼ਰਚ ਕਰ ਚੁੱਕੀ ਹੈ। ਲੜਕੀ ਨੇ ਦਸਿਆ ਕਿ ਲੜਕਾ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ। ਉਸ ਦੀ ਵਿਦੇਸ਼ੀ ਫ਼ਾਈਲ ਨੱਥੀ ਹੈ ਤੇ ਫਿਲਹਾਲ ਉਹ ਘਰੋਂ ਫ਼ਰਾਰ ਹੈ। ਲੜਕੀ ਨੇ ਦਸਿਆ ਕਿ ਉਸ ਦੇ ਵਿਆਹ ਲਈ ਰਿਜ਼ੋਰਟ ਬੁੱਕ ਹੋ ਗਿਆ ਹੈ। ਮੰਗਣੀ ’ਤੇ ਵੀ ਕਰੀਬ 6 ਲੱਖ ਰੁਪਏ ਖ਼ਰਚ ਹੋਏ ਸਨ ਤੇ ਹੋਰ ਖ਼ਰਚਿਆਂ ਸਮੇਤ 15 ਲੱਖ ਰੁਪਏ ਪਹਿਲਾਂ ਹੀ ਖ਼ਰਚ ਕੀਤੇ ਜਾ ਚੁੱਕੇ ਹਨ।
ਇਸ ਲਈ ਉਹ ਚਾਹੁੰਦੀ ਹੈ ਕਿ ਪੂਰੇ ਪਰਵਾਰ ਵਿਰੁਧ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਦਾ ਵਿਆਹ ਇਕੋ ਤਰੀਕ ’ਤੇ ਕੀਤਾ ਜਾਵੇ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਤ੍ਰਿਪਤਾ ਸੂਦ ਨੇ ਦਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੇ ਦੇ ਪਰਵਾਰ ਵਾਲੇ ਲੜਕੀ ਦੇ ਚਰਿੱਤਰ ’ਤੇ ਦੋਸ਼ ਲਗਾ ਰਹੇ ਹਨ, ਪਰ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਫ਼ਿਲਹਾਲ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਕਾਰਵਾਈ ਕਾਰਵਾਈ ਕੀਤੀ ਜਾਵੇਗੀ।