
ਤੀਜੇ ਮੋਰਚੇ ਦੀ ਕਾਇਮੀ ਲਈ ਸਿਆਸੀ ਜੋੜ-ਤੋੜ ਸ਼ੁਰੂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਬਾਹਰ ਦਾ ਰਸਤਾ ਦਿਖਾਉਣ ਬਾਅਦ ਪੰਜਾਬ ਅੰਦਰ ਸਿਆਸੀ ਜਵਾਰ-ਭਾਟਾ ਉਛਾਲੇ ਮਾਰ ਰਿਹਾ ਹੈ। ਪੰਜਾਬ ਦੇ ਪਲ-ਪਲ ਬਦਲ ਰਹੇ ਸਿਆਸੀ ਮਾਹੌਲ 'ਚ ਇਕ ਵਾਰ ਫਿਰ ਤੀਜੇ ਮੋਰਚੇ ਦੀ ਉਸਾਰੀ ਦੀਆਂ ਕਨਸੋਆਂ ਦਾ ਬਜ਼ਾਰ ਗਰਮ ਹੈ। ਅਕਾਲੀ ਦਲ 'ਚੋਂ ਕੱਢੇ ਗਏ ਸੁਖਦੇਵ ਸਿੰਘ ਢੀਂਡਸਾ ਦੀ ਉੱਚੀ ਤੇ ਬੇਦਾਗ਼ ਸ਼ਖ਼ਸੀਅਤ ਦੇ ਬਹੁਤੇ ਆਗੂ ਕਾਇਲ ਹਨ। ਖ਼ਾਸ ਕਰ ਕੇ ਕਾਂਗਰਸ ਅਤੇ ਅਕਾਲੀ ਦਲ ਵਿਚਲੇ ਨਾਰਾਜ਼ ਆਗੂ ਉਨ੍ਹਾਂ ਦੀ ਛਤਰ-ਛਾਇਆ ਹੇਠ ਅਪਣੇ ਸਿਆਸੀ ਭਵਿੱਖ ਨੂੰ ਮਹਿਫੂਜ਼ ਬਣਾਉਣ ਦੇ ਆਹਰ ਵਿਚ ਹਨ।
Photo
ਅਜਿਹੇ ਆਗੂਆਂ ਦੀਆਂ ਸਰਗਰਮੀਆਂ ਕਾਰਨ ਪੰਜਾਬ ਅੰਦਰ ਤੀਜੇ ਸਿਆਸੀ ਫ਼ਰੰਟ ਦੇ ਜਲਦ ਖੜ੍ਹੇ ਹੋਣ ਦੇ ਅਸਾਰ ਹਨ ਜਿਸ ਦਾ ਗਵਾਹ ਢੀਂਡਸਾ ਪਰਵਾਰ ਬਣ ਸਕਦੈ। ਪੰਜਾਬ 'ਚ ਦੋ ਸਾਲ ਬਾਅਦ 2022 ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਸਬੰਧੀ ਸਰਗਰਮੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਧਰਨੇ ਪ੍ਰਦਰਸ਼ਨਾਂ ਦੀ ਲੜੀ ਵੀ ਇਸੇ ਦਾ ਹਿੱਸਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਪੰਜਾਬ ਦੀ ਸਿਆਸਤ 'ਤੇ ਦੂਰਗਾਮੀ ਪ੍ਰਭਾਵ ਪਾਉਣਗੇ।
Photo
ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਦਿੱਲੀ ਵਿਚ ਆਪ ਦੇ ਜਿੱਤਣ ਦੀ ਸੂਰਤ ਵਿਚ ਪੰਜਾਬ ਅੰਦਰ ਸਿਆਸੀ ਲੜਾਈ ਬਹੁਰੰਗੀ ਰੂਪ ਲੈ ਸਕਦੀ ਹੈ। ਜਦਕਿ ਭਾਜਪਾ ਦੇ ਜਿੱਤਣ ਦੀ ਹਾਲਤ ਵਿਚ ਤਿੰਨ ਫ਼ਰੰਟਾਂ ਦਾ ਬਣਨਾ ਵੀ ਤਹਿ ਹੈ। ਭਾਜਪਾ ਵਲੋਂ ਜਿਸ ਤਰ੍ਹਾਂ ਪੰਜਾਬ ਅੰਦਰ ਸਾਰੇ ਸਿੱਖ ਧੜਿਆਂ ਨੂੰ ਘਾਹ ਪਾਇਆ ਜਾ ਰਿਹਾ ਹੈ, ਉਸ ਤੋਂ ਉਸ ਦੀ ਮਨਸ਼ਾ ਸਾਰੀਆਂ ਸਿੱਖ ਵੋਟਾਂ ਨੂੰ ਵੰਡ ਕੇ ਹਿੰਦੂ ਵੋਟਾਂ ਨੂੰ ਅਪਣੇ ਹੱਕ 'ਚ ਭੁਗਤਾ ਕੇ ਰਾਜਸੱਤਾ ਤਕ ਪਹੁੰਚਣ ਦੀ ਹੈ। ਅਜੇ ਤਕ ਦੇ ਹਾਲਾਤਾਂ ਮੁਤਾਬਕ ਭਾਜਪਾ ਕੁੱਝ ਹੱਦ ਤਕ ਕਾਮਯਾਬ ਵੀ ਹੋਈ ਜਾਪਦੀ ਹੈ ਪਰ ਦਿੱਲੀ ਵਿਚ 'ਆਪ' ਦੇ ਜਿੱਤਣ ਦੀ ਸੂਰਤ 'ਚ ਭਾਜਪਾ ਦੇ ਕਦਮਾਂ ਵੀ ਰਵਾਨਗੀ ਥੰਮ ਸਕਦੀ ਹੈ।
Photo
ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ 10 ਸਾਲ ਲਗਾਤਾਰ ਰਾਜ ਕਰਨ ਤੋਂ ਬਾਅਦ ਹਾਸ਼ੀਏ 'ਤੇ ਪਹੁੰਚਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਬਾਅਦ ਅਕਾਲੀ ਦਲ ਤੇ ਭਾਜਪਾ ਨੂੰ ਅਪਣਾ ਵਿਰੋਧੀ ਧਿਰ ਦਾ ਅਹੁਦਾ ਵੀ ਗੁਆਉਣਾ ਪਿਆ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਾਲਤ ਵੀ ਪੰਜਾਬ ਅੰਦਰ ਬਹੁਤੀ ਚੰਗੀ ਨਹੀਂ ਹੈ। ਗੁਰਪ੍ਰੀਤ ਸਿੰਘ ਘੁੱਗੀ ਤੋਂ ਇਲਾਵਾ ਸੀਨੀਅਰ ਵਕੀਲ ਐਚਐਸ ਫੁਲਕਾ ਸਮੇਤ ਸੁਖਪਾਲ ਸਿੰਘ ਖਹਿਰਾ ਵਰਗੇ ਆਗੂ 'ਆਪ' ਨੂੰ ਅਲਵਿਦਾ ਕਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਸਿਆਸਤ 'ਤੇ ਵੱਡਾ ਦਬਦਬਾ ਸੀ, ਜੋ ਹੁਣ ਬੀਤੇ ਸਮੇਂ ਦੀ ਗੱਲ ਬਣ ਚੁੱਕਾ ਹੈ।
Photo
ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਨਸ਼ਿਆਂ ਦੇ ਖ਼ਾਤਮੇ ਜਿਹੇ ਵਾਅਦਿਆਂ ਦੇ ਸਿਰ 'ਤੇ ਸੱਤਾ 'ਚ ਆਈ ਕਾਂਗਰਸ ਦੀ ਹਾਲਤ ਵੀ ਹੁਣ 'ਅਪਣੀਆਂ ਨਾਲ ਦੱਸਾਂ ਤੇ ਪਰਾਈਆਂ ਕਰ ਕਰ ਹੱਸਾਂ' ਵਰਗੀ ਹੋਈ ਪਈ ਹੈ। ਦਿੱਲੀ 'ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ 'ਤੇ ਵਾਅਦਾ-ਖਿਲਾਫ਼ੀ ਦੇ ਦੋਸ਼ ਲਾਉਣ ਵਾਲੀ ਕਾਂਗਰਸ ਪੰਜਾਬ ਅੰਦਰ ਖੁਦ ਅਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ।
Photo
ਅਜਿਹੇ 'ਚ ਪੰਜਾਬ ਅੰਦਰ ਤੀਜੀ ਧਿਰ ਦੇ ਉਦੈ ਹੋਣ ਦੇ ਪੂਰੇ-ਪੂਰੇ ਅਸਾਰ ਵਿਖਾਈ ਦੇ ਰਹੇ ਨੇ। ਸੂਤਰਾਂ ਅਨੁਸਾਰ ਢੀਂਡਸਾ ਪਰਵਾਰ ਜੇਕਰ ਇਸ ਸਮੇਂ ਸਿਆਸੀ ਚੁੱਪੀ ਵਾਲੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ, ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾ, ਟਕਸਾਲੀ ਅਕਾਲੀ ਦਲ ਦੇ ਬੀਰ ਦਵਿੰਦਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਦਿੱਗਜ਼ ਆਗੂਆਂ ਨੂੰ ਇਕ ਝੰਡੇ ਹੇਠ ਇਕੱਠੇ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਪੰਜਾਬ ਅੰਦਰ ਮਜ਼ਬੂਤ ਤੀਜੇ ਫ਼ਰੰਟ ਦੀ ਕਾਇਮੀ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।