
ਹੁਣ 'ਧਰਨੇ ਪ੍ਰਦਰਸ਼ਨ' ਬਣਨਗੇ ਅਕਾਲੀ ਦਲ ਲਈ ਸੰਕਟ-ਮੋਚਨ, ਤਰੀਕਾਂ ਦਾ ਕੀਤਾ ਐਲਾਨ!
ਚੰਡੀਗੜ੍ਹ : ਕਿਸੇ ਸਮੇਂ ਧਰਨਾ-ਪ੍ਰਦਰਸ਼ਨ ਕਰਨ ਵਾਲਿਆਂ ਨੂੰ 'ਵਿਹਲੜ' ਤੇ 'ਜਿਨ੍ਹਾਂ ਨੂੰ ਘਰ ਕੋਈ ਨਹੀਂ ਪੁਛਦਾ, ਉਹ ਧਰਨਿਆਂ 'ਚ ਪਹੁੰਚ ਜਾਂਦੇ ਨੇ' ਵਰਗੇ ਖਿਤਾਬਾਂ ਨਾਲ ਨਿਵਾਜਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਹੁਣ ਖੁਦ ਧਰਨੇ-ਪ੍ਰਦਰਸ਼ਨਾਂ ਦਾ ਸਹਾਰਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Photo
ਉਨ੍ਹਾਂ ਦੀ ਇਸ 'ਅਦਾ' ਦਾ ਸੋਸ਼ਲ ਮੀਡੀਆ 'ਤੇ ਖ਼ੂਬ ਮੌਜੂ ਬਣਾਇਆ ਜਾ ਰਿਹਾ ਹੈ। ਲੋਕ ਸਵਾਲ ਕਰ ਰਹੇ ਹਨ ਕਿ 'ਕੀ ਹੁਣ ਸੁਖਬੀਰ ਨੂੰ ਵੀ ਘਰ ਕੋਈ ਨਹੀਂ ਪੁਛਦਾ' ਜੋ ਧਰਨੇ-ਪ੍ਰਦਰਸ਼ਨਾਂ ਦੀ ਝੜੀ ਲਾਉਣ ਲਈ ਬਜਿੱਦ ਹਨ।
Photo
ਕਾਬਲੇਗੌਰ ਹੈ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਵਾਪਰੇ 'ਸੌਦਾ ਸਾਧ ਨੂੰ ਮੁਆਫ਼ੀ' ਤੇ 'ਬੇਅਦਬੀ' ਕਾਂਢਾਂ ਕਾਰਨ ਹਾਸ਼ੀਏ 'ਤੇ ਪਹੁੰਚਿਆ ਅਕਾਲੀ ਦਲ ਹੁਣ ਅਪਣੀ ਮੁੜ-ਸੁਰਜੀਤੀ ਲਈ ਹੱਥ-ਪੈਰ ਮਾਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਲੋਕਾਂ ਦੀ ਮੁਖਲਫ਼ਿਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਅੰਦਰੂਨੀ ਕਾਟੋ-ਕਲੇਸ਼ ਨੇ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ।
Photo
ਪਾਰਟੀ ਨੂੰ ਮੁੜ ਸਿਰ-ਪੈਰ ਕਰਨ ਦੇ ਮਕਸਦ ਨਾਲ ਸੁਖਬੀਰ ਬਾਦਲ ਵਲੋਂ ਪੰਜਾਬ ਅੰਦਰ ਲੜੀਵਾਰ ਧਰਨੇ-ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਨ੍ਹਾਂ ਧਰਨੇ ਪ੍ਰਦਰਸ਼ਨਾਂ ਦੀਆਂ ਤਰੀਕਾਂ ਦਾ ਬਕਾਇਦਾ ਐਲਾਨ ਵੀ ਕਰ ਦਿਤਾ ਗਿਆ ਹੈ। ਇਸ ਦਾ ਸ਼ੁਰੂਆਤੀ ਟਰਾਇਲ ਬੀਤੇ ਦਿਨੀਂ ਸੰਗਰੂਰ ਤੋਂ ਕੀਤਾ ਗਿਆ।
Photo
ਅਕਾਲੀ ਦਲ ਦੇ ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਨੂੰ ਘੇਰਨ ਲਈ ਧਰਨਿਆਂ ਦੀ ਇਹ ਲੜੀ 13 ਫ਼ਰਵਰੀ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 11 ਅਪ੍ਰੈਲ ਨੂੰ ਮੋਹਾਲੀ ਵਿਖੇ ਸਮਾਪਤ ਹੋਵੇਗੀ। ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਹੋਣ ਵਾਲੇ ਇਨ੍ਹਾਂ ਰੋਸ ਧਰਨਿਆਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਸ਼ਮੂਲੀਅਤ ਕਰੇਗੀ।
Photo
ਸੂਤਰਾਂ ਅਨੁਸਾਰ ਭਾਵੇਂ ਰੋਸ ਧਰਨਿਆਂ ਦੀ ਇਹ ਲੜੀ ਕਾਂਗਰਸ ਸਰਕਾਰ ਨੂੰ ਘੇਰਣ ਲਈ ਚਲਾਈ ਜਾ ਰਹੀ ਹੈ ਪਰ ਅਕਾਲੀ ਦਲ ਦਾ ਮੁੱਖ ਮਕਸਦ ਟਕਸਾਲੀ ਬਾਗੀ ਅਕਾਲੀ ਆਗੂਆਂ ਅਤੇ ਹੋਰ ਵਿਰੋਧੀਆਂ ਨਾਲ ਸਿੱਝਣ ਦੀ ਭਵਿੱਖੀ ਰਣਨੀਤੀ ਤਹਿ ਕਰਨਾ ਹੈ। ਇਸ ਤੋਂ ਇਲਾਵਾ ਧਰਨੇ ਪ੍ਰਦਰਸ਼ਨਾਂ ਜ਼ਰੀਏ ਅਕਾਲੀ ਦਲ ਨੂੰ ਅਪਣੀ ਡਿੱਗ ਚੁੱਕੀ ਸ਼ਾਖ ਦੇ ਮੁੜ ਸੁਰਜੀਤ ਹੋਣ ਦੀ ਵੀ ਉਮੀਦ ਹੈ।
Photo
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਨੁਸਾਰ ਧਰਨੇ ਪ੍ਰਦਰਸ਼ਨਾਂ ਦੀ ਲੜੀ ਤਹਿਤ ਪਹਿਲਾ ਧਰਨਾ ਅੰਮ੍ਰਿਤਸਰ ਵਿਚ 13 ਫ਼ਰਵਰੀ ਨੂੰ ਲਾਇਆ ਜਾਵੇਗਾ। ਇਸੇ ਤਰ੍ਹਾਂ 25 ਫ਼ਰਵਰੀ ਨੂੰ ਫ਼ਿਰੋਜ਼ਪੁਰ, 29 ਫ਼ਰਵਰੀ ਨੂੰ ਬਠਿੰਡਾ, 4 ਮਾਰਚ ਨੂੰ ਤਰਨ ਤਾਰਨ, 7 ਮਾਰਚ ਨੂੰ ਮਾਨਸਾ, 9 ਮਾਰਚ ਨੂੰ ਹੋਲਾ ਮਹੱਲਾ ਮੌਕੇ ਕਾਨਫ਼ਰੰਸ ਸ੍ਰੀ ਆਨੰਦਪੁਰ ਸਾਹਿਬ, 10 ਮਾਰਚ ਨੂੰ ਫ਼ਾਜ਼ਿਲਕਾ, 14 ਮਾਰਚ ਨੂੰ ਹੁਸ਼ਿਆਰਪੁਰ, 15 ਮਾਰਚ ਨੂੰ ਲੁਧਿਆਣਾ, 18 ਮਾਰਚ ਨੂੰ ਕਪੂਰਥਲਾ, 21 ਮਾਰਚ ਨੂੰ ਫ਼ਤਿਹਗੜ੍ਹ ਸਾਹਿਬ, 23 ਮਾਰਚ ਨੂੰ ਨਵਾਂਸ਼ਹਿਰ, 28 ਮਾਰਚ ਨੂੰ ਪਠਾਨਕੋਟ, 29 ਮਾਰਚ ਨੂੰ ਜਲੰਧਰ, 4 ਅਪ੍ਰੈਲ ਨੂੰ ਗੁਰਦਾਸਪੁਰ ਅਤੇ 11 ਅਪ੍ਰੈਲ ਨੂੰ ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿਤਾ ਜਾਵੇਗਾ।