
80 ਕਿਲੋਮੀਟਰ ਦੀ ਰਫਤਾਰ 'ਤੇ 7 ਕਿਲੋਮੀਟਰ ਤਕ ਲੁਟੇਰਿਆਂ ਪਿੱਛੇ ਭਜਾਈ ਸਕੂਟੀ
ਗੁਰਦਾਸਪੁਰ: ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੂੰ ਸਬਕ ਸਿਖਾਉਣ ਲਈ ਬਹਾਦਰ ਧੀਆਂ ਨੇ ਅੱਗੇ ਆਉਣਾ ਸ਼ੁਰੂ ਕਰ ਦਿਤਾ ਹੈ। ਜਿਹੜਾ ਕੰਮ ਨੌਜਵਾਨ ਵਰਗ ਜਾਂ ਪੁਲਿਸ ਨੂੰ ਕਰਨਾ ਚਾਹੀਦਾ ਹੈ, ਉਹ ਕੁੱਝ ਬਹਾਦਰ ਧੀਆਂ ਨੇ ਕਰਨ ਲੱਗੀਆਂ ਹਨ। ਪਿਛਲੇ ਕੁੱਝ ਮਹੀਨਿਆਂ ਦੌਰਾਨ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁਕੀਆਂ ਹਨ, ਜਿੱਥੇ ਸੌਖਾ ਸ਼ਿਕਾਰ ਸਮਝ ਕੁੜੀਆਂ ਤੋਂ ਝਪਟਮਾਰ ਕਰਨੀ ਲੁਟੇਰਿਆਂ ਨੂੰ ਮਹਿੰਗੀ ਪਈ ਹੈ।
Brave girl
ਪਿਛਲੇ ਸਾਲ ਦੇ ਅਖੀਰੀ ਮਹੀਨੇ ਦੌਰਾਨ ਵਾਪਰੀ ਇਕ ਘਟਨਾ ਵਿਚ ਵੀ ਲੁਟੇਰੇ ਟਿਊਸ਼ਨ ਪੜ੍ਹ ਕੇ ਪਰਤ ਰਹੀ ਕੁੜੀ ਤੋਂ ਮੋਬਾਈਲ ਖੋਹ ਕੇ ਫਰਾਰ ਹੋਣ ਗਏ ਸਨ ਪਰ ਬਹਾਦਰ ਕੁੜੀ ਨੇ ਉਨ੍ਹਾਂ ਤੋਂ ਮੋਬਾਈਲ ਹੀ ਨਹੀਂ ਖੋਹਿਆ, ਸਗੋਂ ਇਕ ਲੁਟੇਰੇ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿਤਾ ਸੀ। ਲੁਟੇਰੇ ਨੇ ਕੁੜੀ ਦੀ ਮਜ਼ਬੂਤ ਪਕੜ ਤੋਂ ਬਚਣ ਲਈ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਕੀਤਾ, ਪਰ ਜ਼ਖਮੀ ਹੋਣ ਦੇ ਬਾਵਜੂਦ ਕੁੜੀ ਨੇ ਲੁਟੇਰੇ ਨੂੰ ਉਦੋਂ ਤਕ ਨਹੀਂ ਛੱਡਿਆਂ ਜਦ ਤਕ ਆਸ ਪਾਸ ਦੇ ਲੋਕਾਂ ਨੂੰ ਲੁਟੇਰੇ ਨੂੰ ਦਬੋਚ ਕੇ ਕੁਟਾਪਾ ਨਹੀਂ ਚਾੜ ਦਿਤਾ।
brave girl
ਇਸੇ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਿੱਥੇ ਬਹਾਦਰ ਧੀਆਂ ਨੇ ਖੁਦ ਦੀ ਸੁਰੱਖਿਆ ਕਰਨ ਦੇ ਨਾਲ ਨਾਲ ਲੁਟੇਰਿਆਂ ਨੂੰ ਅੰਜ਼ਾਮ ਤਕ ਪਹੁੰਚਾਇਆ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਟਿਊਸ਼ਨ ਤੋਂ ਸਕੂਟੀ ’ਤੇ ਘਰ ਪਰਤ ਰਹੀ ਵਿਦਿਆਰਥਣ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਈਲ ਫ਼ੋਨ ਖੋਹ ਲਿਆ ਤੇ ਉਹ ਫ਼ਰਾਰ ਹੋ ਗਏ।
brave girl
ਵਿਦਿਆਰਥਣ ਨੇ ਬਹਾਦਰੀ ਵਿਖਾਉਂਦਿਆਂ ਆਪਣੀ ਸਕੂਟੀ ਲੁਟੇਰਿਆਂ ਦੇ ਮੋਟਰਸਾਇਕਲ ਦੇ ਪਿੱਛੇ ਲਾ ਲਈ ਅਤੇ 80 ਕਿਲੋਮੀਟਰ ਦੀ ਰਫ਼ਤਾਰ ‘ਤੇ ਸੱਤ ਕਿਲੋਮੀਟਰ ਤਕ ਪਿੱਛਾ ਕਰਦਿਆਂ ਅਖੀਰ ਲੁਟੇਰਿਆਂ ਨੂੰ ਪਿੰਡ ਭੱਟੀਆਂ ਲਾਗੇ ਘੇਰ ਕੇ ਮੋਬਾਈਲ ਵਾਪਸ ਖੋਹਣਾ ਸ਼ੁਰੂ ਕਰ ਦਿਤਾ। ਜਦੋਂ ਆਸਪਾਸ ਦੇ ਲੋਕ ਕੁੜੀ ਦੀ ਮੱਦਦ ਲਈ ਦੌੜੇ ਤਾਂ ਲੁਟੇਰੇ ਮੋਬਾਈਲ ਸੜਕ ‘ਤੇ ਸੁੱਟ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਏ।
Brave girl
ਬੁੱਧਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਮੁਤਾਬਕ ਖਿੱਚੀਆਂ ਦੇ ਰਹਿਣ ਵਾਲੇ ਪ੍ਰੀਤਮ ਲਾਲ ਦੀ ਧੀ ਦੀਕਸ਼ਾ ਥਾਪਾ ਗੁਰਦਾਸਪੁਰ ਦੇ ਇਕ ਸੈਂਟਰ ਵਿਚ ਟਿਊਸ਼ਨ ਪੜ੍ਹਨ ਗਈ ਸੀ। ਘਟਨਾ ਵਾਲੀ ਸ਼ਾਮ ਉਹ ਰਸਤੇ ਵਿਚ ਪਿਤਾ ਨਾਲ ਗੱਲ ਕਰ ਰਹੀ ਸੀ ਕਿ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਸ ਦਾ ਮੋਬਾਈਲ ਝਪਟ ਕੇ ਫਰਾਰ ਹੋ ਗਏ। ਪਰ ਬਹਾਦਰ ਕੁੜੀ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਸਕੂਟੀ ਲੁਟੇਰਿਆਂ ਦੇ ਪਿੱਛੇ ਲਾ ਲਈ ਅਤੇ ਅਖੀਰ 7 ਕਿਲੋਮੀਟਰ ਅੱਗੇ ਜਾ ਕੇ ਉਸ ਨੇ ਲੁਟੇਰਿਆਂ ਨੂੰ ਘੇਰ ਕੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਅਖੀਰ ਲੋਕਾਂ ਨੂੰ ਆਉਂਦੇ ਵੇਖ ਲੁਟੇਰਿਆਂ ਨੂੰ ਮੋਬਾਈਲ ਸੁਟ ਕੇ ਭੱਜਣਾ ਪਿਆ।