
ਹਰਿਆਣਾ ਦੇ ਕਾਂਗਰਸੀਆਂ ਨੂੰ ਪੁਲਿਸ ਨੇ ਰਾਜ ਭਵਨ ਤਕ ਜਾਣ ਤੋਂ ਰੋਕਿਆ
ਹੁੱਡਾ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਸੀ ਪੈਦਲ ਮਾਰਚ
ਚੰਡੀਗੜ੍ਹ, 4 ਫ਼ਰਵਰੀ (ਗੁਰਉਪਦੇਸ਼ ਭੁੱਲਰ): ਅੱਜ ਹਰਿਆਣਾ ਕਾਂਗਰਸ ਦੇ ਆਗੂਆਂ ਤੇ ਵਿਧਾਇਕਾਂ ਵਲੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਇਥੇ ਹਰਿਆਣਾ ਰਾਜ ਭਵਨ ਵੱਲ ਕਿਸਾਨਾਂ ਦੇ ਸਮਰਥਨ ਵਿਚ ਪੈਦਲ ਮਾਰਚ ਕੀਤਾ ਗਿਆ | ਮੀਂਹ ਦੇ ਮੌਸਮ ਦੇ ਬਾਵਜੂਦ ਹਰਿਆਣਾ ਦੇ ਕਾਂਗਰਸੀ ਆਗੂ ਤੇ ਵਰਕਰ ਐਮ.ਐਲ.ਏ. ਹੋਸਟਲ ਵਿਚ ਇਕੱਠੇ ਹੋਏ ਤੇ ਰਾਜ ਭਵਨ ਵੱਲ ਮਾਰਚ ਕੀਤਾ | ਉਨ੍ਹਾਂ ਦੇ ਹੱਥਾਂ ਵਿਚ ਖੇਤੀ ਕਾਨੂੰਨ ਵਾਪਸ ਲਉ ਵਾਲੀਆਂ ਤਖ਼ਤੀਆਂ ਸਨ ਤੇ ਉਹ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਰਹੇ ਸਨ | ਪੁਲਿਸ ਨੇ ਘੇਰਾਬੰਦੀ ਕਰ ਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰਾਜ ਭਵਨ ਤੋਂ ਕਾਫ਼ੀ ਪਿਛੇ ਰੋਕ ਲਿਆ | ਜ਼ਿਕਰਯੋਗ ਗੱਲ ਹੈ ਕਿ ਹੁੱਡਾ ਹਰਿਆਣਾ ਦੇ ਰਾਜਪਾਲ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੇਂਦਰੀ ਖੇਤੀ ਕਾਨੂੰਨ ਰੱਦ ਕਰਨ ਲਈ ਮੰਗ ਪੱਤਰ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰimage ਰਾਜਪਾਲ ਨੇ ਮਿਲਣ ਦਾ ਸਮਾਂ ਹੀ ਨਹੀਂ ਦਿਤਾ | ਆਖ਼ਰ ਹੁੱਡਾ ਤੇ ਹੋਰ ਕਾਂਗਰਸੀ ਸ਼ਾਂਤਮਈ ਰੋਸ ਪ੍ਰਗਟ ਕਰਨ ਬਾਅਦ ਰਾਜਪਾਲ ਨੂੰ ਮਿਲੇ ਬਿਨਾਂ ਵਾਪਸ ਪਰਤ ਗਏ | ਇਸ ਮੌਕੇ ਹੁੱਡਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹਰਿਆਣਾ ਦੇ ਰਾਜਪਾਲ ਪੱਖਪਾਤ ਕਰ ਰਹੇ ਹਨ ਤੇ ਉਨ੍ਹਾਂ ਨੇ ਹੁਣ ਤਕ ਚਾਰ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪਰ ਸਮਾਂ ਹੀ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਰਾਜਪਾਲ ਨੂੰ ਮਿਲਣਾ ਚਾਹੁੰਦੇ ਸਨ | ਇਸ ਸੈਸ਼ਨ ਵਿਚ ਖੇਤੀ ਕਾਨੂੰਨਾਂ 'ਤੇ ਚਰਚਾ ਹੋਵੇ ਅਤੇ ਕਾਂਗਰਸ ਖੱਟਰ ਸਰਕਾਰ ਵਿਰੁਧ ਬੇਭਰੋਸੇਗੀ ਦਾ ਮਤਾ ਵੀ ਲਿਆਉਣਾ ਚਾਹੁੰਦੀ ਹੈ |