
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀਆਂ ਦੀ ਢਾਲ ਬਣਨ
ਅੰਮ੍ਰਿਤਸਰ: ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਭਾਰਤੀ ਜੋ ਕਿ ਅੱਜ ਅਮਰੀਕੀ ਫੌਜ ਦੇ ਹਵਾਈ ਜਹਾਜ ਰਾਹੀਂ ਦੇਸ਼ ਨਿਕਾਲੇ ਤੋਂ ਬਾਅਦ ਅੰਮ੍ਰਿਤਸਰ ਪੁੱਜੇ , ਨੂੰ ਮਿਲਣ ਲਈ ਹਵਾਈ ਅੱਡੇ ਉੱਤੇ ਪਹੁੰਚੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਨੌਜਵਾਨਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਵਕ ਹੁੰਦੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਚੋਣ ਪ੍ਰਚਾਰ ਕਰਨ ਵਾਸਤੇ ਵਿਸ਼ੇਸ਼ ਤੌਰ ਉੱਤੇ ਪੁੱਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇਹਨਾਂ ਨੌਜਵਾਨਾਂ ਲਈ ਢਾਲ ਬਣਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸ੍ਰੀ ਮੋਦੀ ਜੋ ਕਿ ਸ੍ਰੀ ਟਰੰਪ ਨੂੰ ਆਪਣਾ ਪਰਮ ਮਿੱਤਰ ਦੱਸਦੇ ਹਨ ਅਤੇ ਇਹਨਾਂ ਨੇ ਹੀ ਚੋਣ ਪ੍ਰਚਾਰ ਦੌਰਾਨ ਇਸ ਵਾਰ ਟਰੰਪ ਸਰਕਾਰ ਦਾ ਨਾਅਰਾ ਦਿੱਤਾ ਸੀ, ਹੁਣ ਇਹਨਾਂ ਨੌਜਵਾਨਾਂ ਦੇ ਮੁੱਦੇ ਉੱਤੇ ਟਰੰਪ ਸਰਕਾਰ ਨਾਲ ਗੱਲਬਾਤ ਕਰਨ। ਉਹਨਾਂ ਕਿਹਾ ਕਿ ਅਜਿਹੀ ਦੋਸਤੀ ਕਿਸ ਕੰਮ ਦੀ, ਜੋ ਸਾਡੇ ਬੱਚਿਆਂ ਦੀ ਮੁਸ਼ਕਿਲ ਵਿੱਚ ਵੀ ਕੰਮ ਨਾ ਆਵੇ।
ਧਾਲੀਵਾਲ ਨੇ ਕਿਹਾ ਕਿ ਇਹ ਨੌਜਵਾਨ ਅਮਰੀਕਾ ਵਿੱਚ ਕਿਸੇ ਸ਼ੌਂਕ ਲਈ ਨਹੀਂ, ਬਲਕਿ ਰੋਜ਼ੀ ਰੋਟੀ ਲਈ ਲੱਖਾਂ ਰੁਪਏ ਖਰਚ ਕਰਕੇ ਪਹੁੰਚੇ ਸਨ । ਅਮਰੀਕਾ ਸਰਕਾਰ ਵੱਲੋਂ ਇਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਕੱਢਣਾ ਕਿੰਨਾ ਨੌਜਵਾਨਾਂ ਦੇ ਨਾਲ ਨਾਲ ਸਾਡੇ ਲਈ ਵੀ ਬੜਾ ਗੰਭੀਰ ਮੁੱਦਾ ਹੈ। ਹਾਂ , ਜੇਕਰ ਕੋਈ ਨੌਜਵਾਨ ਉੱਥੇ ਅਪਰਾਧ ਕਾਰਵਾਈਆਂ ਵਿੱਚ ਸ਼ਾਮਿਲ ਹੁੰਦਾ ਤਾਂ ਉਸ ਨੂੰ ਕੱਢਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਇਹ ਦੋ ਦੇਸ਼ਾਂ ਦਾ ਆਪਸੀ ਮੁੱਦਾ ਹੈ, ਜਿਸ ਉੱਤੇ ਰਾਜ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਬਲਕਿ ਕੇਂਦਰ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਕੇ ਇਹ ਮਸਲਾ ਅਜੇ ਵੀ ਹੱਲ ਕਰ ਸਕਦੇ ਹਨ ਤਾਂ ਜੋ ਉੱਥੇ ਸੰਕਟ ਵਿੱਚ ਪਏ ਹੋਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।