
ਆਸਟ੍ਰੇਲੀਆ ਦੇ ਮਹਾਨ ਫਿਰਕੀ ਗੇਂਦਬਾਜ਼ ਸ਼ੇਨ ਵਾਰਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਸਿਡਨੀ, 4 ਮਾਰਚ : ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ | ਵਾਰਨਰ ਦੇ ਪ੍ਰਬੰਧਨ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਸ਼ੇਨ ਅਪਣੇ ਘਰ ਵਿਚ ਬੇਹੋਸ਼ ਪਏ ਸਨ | ਮੈਡੀਕਲ ਟੀਮਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ | ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ | ਸ਼ੇਨ ਵਾਰਨ ਨੇ ਅੱਜ ਸਵੇਰੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਰਾਡ ਮਾਰਸ਼ ਦੀ ਮੌਤ 'ਤੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਸੀ | ਇਹ ਟਵੀਟ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਟਵੀਟ ਸਾਬਤ ਹੋਇਆ | ਰਿਪੋਰਟਾਂ ਮੁਤਾਬਕ ਸ਼ੇਨ ਵਾਰਨ ਅਪਣੇ ਘਰ ਵਿਚ ਬੇਹੋਸ਼ ਮਿਲੇ ਸਨ | ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ | ਸਿਹਤ ਮਾਹਰਾਂ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਇੰਨੀ ਘੱਟ ਉਮਰ ਵਿਚ ਦਿਲ ਦਾ ਦੌਰਾ ਪੈਣ ਪਿੱਛੇ ਉਨ੍ਹਾਂ ਦੀ ਸ਼ਰਾਬ ਅਤੇ ਸਿਗਰਟ ਪੀਣ ਦੀ ਆਦਤ ਹੋ ਸਕਦੀ ਹੈ | (ਏਜੰਸੀ)